ਇਟਲੀ 'ਚ ਮਾਫੀਏ ਨਾਲ ਜੁੜੇ ਪੁਲਸ ਮੁਖੀ ਤੇ ਸਾਬਕਾ MP ਸਣੇ 334 ਲੋਕ ਗ੍ਰਿਫਤਾਰ

12/22/2019 10:18:35 AM

ਰੋਮ, (ਕੈਂਥ)— ਇਟਲੀ ਦਾ ਮਾਫ਼ੀਆ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ, ਜਿਸ ਨੂੰ ਨੱਥ ਪਾਉਣ ਲਈ ਇਟਲੀ ਪੁਲਸ ਜੰਗੀ ਪੱਧਰ 'ਤੇ ਲੱਗੀ ਹੈ। ਦੇਸ਼ ਦੇ ਕਾਨੂੰਨ ਨੂੰ ਛਿੱਕੇ ਟੰਗ ਜੰਗਲ ਰਾਜ ਵਾਲੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਮਾਫੀਏ ਪਿੱਛੇ ਪੁਲਸ ਹੱਥ ਧੋ ਕੇ ਪੈ ਗਈ ਹੈ।
ਮਾਫੀਏ ਦੇ ਵਿਰੁੱਧ ਵਿੱਢੀ ਮੁਹਿੰਮ ਵਿੱਚ ਇਟਲੀ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਮਾਫੀਏ ਨਾਲ ਜੁੜੇ 334 ਲੋਕਾਂ ਨੂੰ ਪੁਲਸ ਨੇ ਇਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ। ਇਨ੍ਹਾਂ ਫੜ੍ਹੇ ਗਏ ਲੋਕਾਂ 'ਚ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵਿਓ ਬਰਲੁਸਕੋਨੀ ਦੀ ਪਾਰਟੀ ਦੇ ਇਕ ਸਾਬਕਾ ਐੱਮ. ਪੀ. ਤੋਂ ਇਲਾਵਾ ਇਕ ਪੁਲਸ ਮੁਖੀ ਵੀ ਸ਼ਾਮਲ ਹੈ।ਪੁਲਸ ਨੇ ਇਸ ਗਿਰੋਹ 'ਚ ਸ਼ਾਮਲ ਕਈ ਅਕਾਊਂਟੈਂਟ ਅਤੇ ਵਕੀਲਾਂ ਆਦਿ ਨੂੰ ਵੀ ਕਾਬੂ ਕੀਤਾ ਹੈ।
 

PunjabKesari

ਮਿਲੀ ਜਾਣਕਾਰੀ ਅਨੁਸਾਰ ਇਟਾਲੀਅਨ ਨੈਸ਼ਨਲ ਐਂਟੀ-ਮਾਫ਼ੀਆ ਪੁਲਸ ਵੱਲੋਂ ਇਟਲੀ ਦੇ ਸੂਬੇ ਵੇਨੇਤੋ, ਲੰਬਾਰਦੀਆ, ਤਸਕਨੀ ਅਤੇ ਸਚੀਲੀਆ ਦੇ ਇਲਾਕਿਆਂ 'ਚ ਇੱਕ ਵਿਸ਼ੇਸ਼ ਆਪ੍ਰੇਸ਼ਨ ਨੂੰ ਸਫ਼ਲ ਕੀਤਾ। ਪੁਲਸ ਨੇ ਪਿਛਲੇ 30 ਸਾਲਾਂ ਤੋਂ ਲੋੜੀਂਦੇ 'ਨਦਰੰਗੇਤਾ ਮਾਫ਼ੀਆ' ਦੇ 334 ਅਜਿਹੇ ਲੋਕਾਂ ਨੂੰ ਪੂਰੀ ਜਾਂਚ-ਪੜਤਾਲ ਦੇ ਬਾਅਦ ਕਾਬੂ ਕੀਤਾ ਹੈ, ਜਿਨ੍ਹਾਂ ਦਾ ਸਰਕਾਰੇ ਦਰਬਾਰੇ ਪੂਰਾ ਦਬਦਬਾ ਸੀ।

ਪੁਲਸ ਨੇ ਇਸ ਮਾਫੀਆ ਗਿਰੋਹ ਕੋਲੋਂ 15 ਮਿਲੀਅਨ ਯੂਰੋ ਤੋਂ ਇਲਾਵਾ ਭਾਰੀ ਮਾਤਰਾ 'ਚ ਹਥਿਆਰ, ਬਾਰੂਦ ਅਤੇ ਗੋਲੀ ਸਿੱਕਾ ਮਿਲਿਆ ਹੈ। ਇਸ ਗਿਰੋਹ 'ਤੇ ਲੋਕਾਂ ਨੂੰ ਲੁੱਟਣ, ਮਾਰਨ ਤੇ ਧਮਕਾਉਣ ਦੇ ਵੀ ਦੋਸ਼ ਹਨ। ਇਟਲੀ ਪੁਲਸ ਨੇ ਪਹਿਲੀ ਵਾਰ ਅਜਿਹੇ ਅਪ੍ਰੇਸ਼ਨ 'ਚ ਇੰਨੀ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਮਾਫ਼ੀਆ ਗਿਰੋਹ ਹੋਟਲ, ਬਾਰਜ਼, ਰੈਸਟੋਰੈਂਟਾਂ ਅਤੇ ਹੋਰ ਉਦਯੋਗੀਆਂ ਤੋਂ ਪੈਸੇ ਦੀ ਲੁੱਟ ਕਰਕੇ ਰਾਜਧਾਨੀ ਰੋਮ ਆਦਿ 'ਚ ਨਿਲਾਮੀ ਵਾਲੀਆਂ ਜ਼ਾਇਦਾਦਾਂ ਅਤੇ ਹੋਰ ਲਗਜ਼ਰੀ ਕਾਰਾਂ ਆਦਿ ਦੀ ਖਰੀਦ ਕਰਦਾ ਸੀ। ਕਈ ਜੁੱਤੀਆਂ ਦੀਆਂ ਦੁਕਾਨਾਂ ਵੀ ਇਸ ਨੇ ਖੋਲ੍ਹੀਆਂ ਹੋਈਆਂ ਸਨ। ਪੁਲਸ ਵੱਲੋਂ ਗ੍ਰਿਫ਼ਤਾਰ ਲੋਕਾਂ 'ਚੋਂ 70 ਜਾਣਿਆਂ ਨੂੰ ਘਰ 'ਚ ਹੀ ਨਜ਼ਰਬੰਦ ਕੀਤਾ ਹੈ।


Related News