ਇਟਲੀ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

Friday, Jul 30, 2021 - 11:26 AM (IST)

ਰੋਮ/ਇਟਲੀ (ਦਲਵੀਰ ਕੈਂਥ)- ਕੋਰੋਨਾ ਵਾਇਰਸ ਮਹਾਮਾਰੀ ਨਾਲ ਉਹ ਲੋਕ ਤਾਂ ਡਾਹਢੇ ਦੁੱਖੀ ਹੋਏ ਹੀ ਹਨ, ਜਿਨ੍ਹਾਂ ਨੂੰ ਕਰੋਨਾ ਵਾਇਰਸ ਨੇ ਬਹੁਤ ਝੰਬਿਆ ਪਰ ਉਨ੍ਹਾਂ ਮਰੀਜ਼ਾਂ ਤੋਂ ਵੀ ਵੱਧ ਇਸ ਸਮੇਂ ਉਹ ਲੋਕ ਦਰਦ ਅਤੇ ਪਰੇਸ਼ਾਨੀਆਂ ਸਹੇੜ ਰਹੇ ਹਨ, ਜਿਹੜੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਟਲੀ ਛੱਡ ਜਾਂ ਪਰਿਵਾਰ ਸਮੇਤ ਪਿਛਲੇ ਮਹੀਨਿਆਂ ਦੌਰਾਨ ਕਿਸੇ ਜ਼ਰੂਰੀ ਕੰਮ ਭਾਰਤ ਗਏ ਸਨ ਅਤੇ ਹੁਣ ਉੱਥੇ ਹੀ ਫਸ ਗਏ ਹਨ। ਦਰਅਸਲ ਇਟਲੀ ਸਰਕਾਰ ਨੇ ਦੇਸ਼ ਨੂੰ ਕੋਵਿਡ-19 ਮੁਕਤ ਕਰਨ ਲਈ ਹਰ ਉਸ ਦੇਸ਼ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ, ਜਿਥੋਂ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਆ ਰਹੇ ਹਨ। ਬੇਸ਼ੱਕ ਇਟਲੀ ਦੇ ਇਸ ਰਵੱਈਏ ਕਾਰਨ ਕਾਫ਼ੀ ਹੱਦ ਤੱਕ ਇਟਲੀ ਕੋਰੋਨਾ ਮੁਕਤ ਹੋ ਗਿਆ ਹੈ ਪਰ ਸਰਕਾਰ ਦੀ ਇਸ ਸਖ਼ਤੀ ਕਾਰਨ ਹਜ਼ਾਰਾਂ ਲੋਕਾਂ ਦਾ ਭੱਵਿਖ ਦਿਨੋਂ-ਦਿਨ ਧੁੰਦਲਾ ਵੀ ਹੁੰਦਾ ਨਜ਼ਰੀਂ ਆ ਰਿਹਾ ਹੈ। 

ਇਹ ਵੀ ਪੜ੍ਹੋ: 3 ਮਹੀਨਿਆਂ ’ਚ ਹੀ ਘੱਟ ਹੋਣ ਲੱਗਦੇ ਹਨ ਫਾਈਜ਼ਰ ਤੇ ਐਸਟ੍ਰਾਜੇਨੇਕਾ ਵੈਕਸੀਨ ਨਾਲ ਵਧਣ ਤੋਂ ਬਾਅਦ ਐਂਟੀਬਾਡੀਜ਼

ਕਿਉਂਕਿ ਇਟਲੀ ਸਰਕਾਰ ਨੇ ਪਹਿਲਾਂ ਭਾਰਤ, ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਇਟਲੀ ਆਮਦ 'ਤੇ ਸਿਰਫ਼ ਮਈ ਤੱਕ ਪਾਬੰਦੀ ਲਗਾਈ ਸੀ, ਫਿਰ ਉਸ ਨੂੰ ਵਧਾ ਕੇ ਜੂਨ ਤੱਕ ਤੇ ਫਿਰ 30 ਜੁਲਾਈ ਤੱਕ ਕਰ ਦਿੱਤਾ। ਭਾਰਤ ਤੇ ਹੋਰ ਦੇਸ਼ ਵਿਚ ਮਜ਼ਬੂਰੀ ਵੱਸ ਫਸੇ ਲੋਕ ਬੇਸਬਰੀ ਨਾਲ ਇਟਲੀ ਸਰਕਾਰ ਦੇ ਫ਼ੈਸਲੇ ਨੂੰ ਪਿਛਲੇ ਇਕ ਹਫ਼ਤੇ ਤੋਂ ਉਡੀਕ ਰਹੇ ਸੀ ਕਿ ਸਰਕਾਰ ਪਾਬੰਦੀ ਹਟਾਉਣ ਦਾ ਕਦੋਂ ਐਲਾਨ ਕਰਦੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਟਲੀ ਸਰਕਾਰ ਨੇ ਇਕ ਵਾਰ ਫਿਰ ਭਾਰਤ, ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਈ ਪਾਬੰਦੀ ਨੂੰ ਹੁਣ 30 ਅਗਸਤ 2021 ਤੱਕ ਵਧਾ ਦਿੱਤਾ ਹੈ।

ਇਟਲੀ ਸਰਕਾਰ ਦੇ ਇਸ ਐਲਾਨ ਨਾਲ ਸਥਿਤੀ ਬਹੁਤ ਹੀ ਅਜੀਬੋ-ਗ਼ਰੀਬ ਬਣੀ ਹੋਈ ਹੈ, ਕਿਉਂਕਿ ਇਸ ਪਾਬੰਦੀ ਨੇ ਪਤਾ ਨਹੀ ਕਿੰਨੇ ਲੋਕਾਂ ਦੇ ਕਾਰੋਬਾਰਾਂ ਨੂੰ ਉਜਾੜ ਜਾਣਾ ਹੈ ਤੇ ਕਿੰਨੇ ਲੋਕਾਂ ਦਾ ਭੱਵਿਖ ਧੁੰਦਲਾ ਕਰ ਦੇਣਾ ਹੈ। ਕਿਉਂਕਿ ਜਿਹੜੇ ਲੋਕ ਇਟਲੀ ਤੋਂ ਪਿਛਲੇ ਮਹੀਨਿਆਂ ਦੌਰਾਨ ਭਾਰਤ ,ਸ੍ਰੀ ਲੰਕਾ ਤੇ ਬੰਗਲਾਦੇਸ਼ ਗਏ ਸਨ, ਉਹਨਾਂ ਨੂੰ ਕਈ ਮਹੀਨੇ ਇਟਲੀ ਤੋਂ ਬਾਹਰ ਹੋਣ ਕਾਰਨ ਤੇ ਉਹਨਾਂ ਦੀ ਗ਼ੈਰ-ਹਾਜ਼ਰੀ ਵਿਚ ਮਾਲਕਾਂ ਨੇ ਨਵੇਂ ਕਾਮੇ ਰੱਖ ਲਏ ਹਨ ,ਕਈਆਂ ਨੂੰ ਲੰਘ ਰਹੀ ਪੇਪਰਾਂ ਦੀ ਮਿਆਦ ਅੰਦਰੋਂ-ਅੰਦਰੀ ਝੌਰਾ ਲਾ ਰਹੀ ਹੈ ਕਿ ਜੇਕਰ ਪਾਬੰਦੀ ਇੱਦਾਂ ਹੀ ਰਹੀ ਤਾਂ ਕੀ ਹੋਵੇਗਾ। ਕਈ ਵਿਚਾਰੇ ਤਾਂ ਆਪਣੇ ਕੰਮਾਂ ਨੂੰ ਬਚਾਉਣ ਲਈ ਡੇਢ ਲੱਖ ਤੱਕ ਦੀਆਂ ਟਿਕਟਾਂ ਲੈ ਸੱਜੇ-ਖੱਬੇ ਧੱਕੇ ਖਾਂਦੇ ਹੋਏ ਹੋਰਾਂ ਦੇਸ਼ਾਂ ਵਿਚ 14 ਦਿਨਾਂ ਦਾ ਇਕਾਂਤਵਾਸ ਕੱਟ ਮਸਾਂ ਇਟਲੀ ਦਾ ਮੂੰਹ ਦੇਖਣ ਵਾਲੇ ਬਣੇ ਹਨ ਪਰ ਪਰਿਵਾਰਾਂ ਵਾਲਿਆਂ ਲਈ ਇੰਨੀਆਂ ਮਹਿੰਗੀਆਂ ਟਿਕਟਾਂ ਖ਼ਰੀਦਣਾ ਤੇ ਇੰਨੇ ਧੱਕੇ ਖਾਉਣਾ ਸੰਭਵ ਨਹੀਂ, ਜਿਸ ਲਈ ਉਹ ਵਿਚਾਰੇ ਇਟਲੀ ਸਰਕਾਰ ਦੀ ਪਾਬੰਦੀ ਤੋਂ ਡਾਹਢੇ ਦੁੱਖੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਤਾਲਿਬਾਨ ਨੇਤਾ ਚੀਨੀ ਵਿਦੇਸ਼ ਮੰਤਰੀ ਨੂੰ ਮਿਲੇ, ਬੀਜਿੰਗ ਨੂੰ ਦੱਸਿਆ 'ਭਰੋਸੇਮੰਦ ਦੋਸਤ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News