ਇਟਲੀ ਸਰਕਾਰ ਨੇ ਹੋਰ ਸਖ਼ਤ ਕੀਤੀਆਂ ਪਾਬੰਦੀਆਂ, ਵਿਦੇਸ਼ ਯਾਤਰੀਆਂ 'ਤੇ ਲਾਗੂ ਹੋਵੇਗਾ ਇਹ ਨਿਯਮ
Friday, Jan 08, 2021 - 08:40 AM (IST)
ਰੋਮ, (ਕੈਂਥ)- ਇਟਲੀ ਦੀ ਸਰਕਾਰ ਨੇ ਦਸੰਬਰ ਵਿਚ ਕਿਹਾ ਸੀ ਕਿ ਦੇਸ਼ 7 ਜਨਵਰੀ ਤੋਂ ਮੁੜ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ ਪਰ ਜਿਵੇਂ ਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਉਮੀਦ ਨਾਲੋਂ ਵੱਧ ਰਹੇ ਹਨ, ਸਰਕਾਰ ਸਭ ਕੁਝ ਸਧਾਰਣ ਨਹੀਂ ਕਰ ਰਹੀ। ਕੋਵਿਡ-19 ਕਾਰਨ ਇਟਲੀ ਦੀ ਸਰਕਾਰ ਨੇ 7 ਜਨਵਰੀ ਤੋਂ ਕਈ ਨਿਯਮਾਂ ਵਿਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਟਲੀ 7-8 ਜਨਵਰੀ ਤੋਂ ਯੈਲੋ ਜ਼ੋਨ ਵਿਚ ਹੈ, ਭਾਵ ਦੁਕਾਨਾਂ ਅਤੇ ਰੈਸਟੋਰੈਂਟ ਸੀਮਤ ਘੰਟਿਆਂ ਵਿਚ ਖੁੱਲ੍ਹ ਸਕਦੇ ਹਨ ਪਰ ਗ਼ੈਰ-ਜ਼ਰੂਰੀ ਯਾਤਰਾ 'ਤੇ ਪਾਬੰਦੀ ਹੈ।
ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 9-10 ਜਨਵਰੀ ਨੂੰ ਬਾਰ ਅਤੇ ਰੈਸਟੋਰੈਂਟ ਬੰਦ ਰਹਿਣਗੇ। ਹਾਈ ਸਕੂਲ ਵਿਚ ਇਕ ਜਮਾਤ ਵਿਚ ਘੱਟੋ-ਘੱਟ 50 ਫ਼ੀਸਦੀ ਵਿਦਿਆਰਥੀ ਬੈਠ ਕੇ ਪੜ੍ਹ ਸਕਦੇ ਹਨ ਪਰ ਅਜੇ ਇਸ ਨੂੰ 11 ਤਾਰੀਖ਼ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਵੇਨੇਤੋ ਅਤੇ ਫਰਿਉਲੀ ਵੈਨੇਸੀਆ ਜਿਉਲੀਆ ਦੇ ਖੇਤਰਾਂ ਨੇ ਕਿਹਾ ਕਿ ਉਹ ਘੱਟੋ-ਘੱਟ 31 ਜਨਵਰੀ ਤੱਕ ਆਪਣੇ ਹਾਈ ਸਕੂਲ ਬੰਦ ਰੱਖਣਗੇ । ਦੇਸ਼ ਭਰ ਵਿਚ ਰਾਤ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ਜਾਰੀ ਹੈ। ਸਾਰੇ ਅਜਾਇਬ ਘਰ, ਸਿਨੇਮਾਘਰ, ਥੀਏਟਰ, ਗੈਲਰੀਆਂ ਅਤੇ ਹੋਰ ਸਥਾਨਾਂ ਦੇ ਬੰਦ ਰਹਿਣ ਦੀ ਉਮੀਦ ਹੈ। ਸੂਬਿਆਂ ਵਿਚਕਾਰ ਗੈਰ-ਜ਼ਰੂਰੀ ਯਾਤਰਾ 'ਤੇ ਘੱਟੋ-ਘੱਟ 15 ਜਨਵਰੀ ਤੱਕ ਪਾਬੰਦੀ ਰਹੇਗੀ।
ਜਿਨ੍ਹਾਂ ਕੌਮਾਂਤਰੀ ਯਾਤਰੀਆਂ ਨੇ 21 ਦਸੰਬਰ ਤੋਂ 6 ਜਨਵਰੀ ਤੱਕ ਇਟਲੀ ਦੇ ਬਾਹਰ ਜਾ ਕੇ ਕੁਝ ਸਮਾਂ ਬਿਤਾਇਆ, ਉਨ੍ਹਾਂ ਨੂੰ ਇਟਲੀ ਪਹੁੰਚਣ ਤੋਂ ਬਾਅਦ 14 ਦਿਨਾਂ ਲਈ ਇਕਾਂਤਵਾਸ ਰਹਿਣਾ ਪਵੇਗਾ। ਜਿਨ੍ਹਾਂ ਨੇ 21 ਦਸੰਬਰ ਤੋਂ 6 ਜਨਵਰੀ ਤੱਕ ਇਟਲੀ ਵਿਚ ਪੂਰਾ ਸਮਾਂ ਬਿਤਾਇਆ ਹੈ ਅਤੇ ਸਿਰਫ 7 ਜਨਵਰੀ ਤੋਂ ਬਾਅਦ ਯਾਤਰਾ ਕਰ ਰਹੇ ਹਨ, ਉਹ ਪਿਛਲੇ 48 ਘੰਟਿਆਂ ਦੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਇਕਾਂਤਵਾਸ ਤੋਂ ਬਚ ਸਕਦੇ ਹਨ। ਇਟਲੀ ਦਾ ਅਗਲਾ ਐਮਰਜੈਂਸੀ ਫ਼ਰਮਾਨ 15 ਜਨਵਰੀ ਤੱਕ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ-USA 'ਚ ਹੋਈ ਹਿੰਸਾ ਨੂੰ ਲੈ ਕੇ ਟਰੰਪ 'ਤੇ ਵਰ੍ਹੀ UK ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ
ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਸਿਹਤ ਅੰਕੜਿਆਂ ਦੀਆਂ ਰਿਪੋਰਟਾਂ ਨੂੰ ਵੇਖਣ ਲਈ ਇੰਤਜ਼ਾਰ ਕਰ ਰਹੇ ਹਨ, ਜਿਹੜੀਆਂ ਹਰ ਸ਼ੁੱਕਰਵਾਰ ਦੁਪਹਿਰ ਨੂੰ ਜਾਰੀ ਕੀਤੀਆਂ ਜਾਣਗੀਆਂ, ਉਸ ਤੋਂ ਪਹਿਲਾਂ ਉਹ ਕੋਈ ਫੈਸਲਾ ਨਹੀਂ ਲੈ ਸਕਦੇ। ਸਰਕਾਰੀ ਅੰਕੜਿਆਂ ਅਨੁਸਾਰ ਇਟਲੀ ਵਿਚ ਇਸ ਸਮੇਂ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ ਪਰ ਪ੍ਰਸ਼ਾਸ਼ਨ ਪੂਰੀ ਚੌਕਸੀ ਵਰਤ ਰਿਹਾ ਹੈ।
►ਇਟਲੀ ਸਰਕਾਰ ਵਲੋਂ ਕੀਤੀ ਗਈ ਸਖ਼ਤਾਈ 'ਤੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ