ਵਲੂੰਧਰੇ ਗਏ ਸਿੱਖਾਂ ਦੇ ਦਿਲ, ਇਟਲੀ ਦੇ ਸੁਪਰੀਮ ਕੋਰਟ ਨੇ ਸੁਣਾਇਆ ਅਜਿਹਾ ਫੈਸਲਾ

05/17/2017 8:09:34 AM

ਰੋਮ (ਦਲਵੀਰ ਕੈਂਥ)— ਸਿੱਖਾਂ ਨਾਲ ਧੱਕਾ ਕਰਦੇ ਹੋਏ ਇਟਲੀ ਦੀ ਸੁਪਰੀਮ ਕੋਰਟ ਨੇ ਜਨਤਕ ਥਾਵਾਂ ''ਤੇ ਕਿਰਪਾਨ ਧਾਰਨ ਕਰਨ ''ਤੇ ਲੱਗੀ ਪਾਬੰਦੀ ਜਾਰੀ ਰੱਖੀ ਹੈ। ਇਹ ਫੈਸਲਾ ਇਕ ਸਿੱਖ ਵਿਅਕਤੀ ਵੱਲੋਂ ਕੀਤੀ ਗਈ ਅਪੀਲ ਦੇ ਖਿਲਾਫ ਸੁਣਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਜੋ ਲੋਕ ਇਟਲੀ ਵਿਚ ਰਹਿਣ ਦੀ ਚੋਣ ਕਰਦੇ ਹਨ, ਉਨ੍ਹਾਂ ਨੂੰ ਹਥਿਆਰ ਧਾਰਨ ਕਰਨ ਦੀ ਪਾਬੰਦੀ ਦੀ ਪਾਲਣਾ ਕਰਨੀ ਚਾਹੀਦੀ ਹੈ। ਚਾਹੇ ਫਿਰ ਉਹ ਸਿੱਖਾਂ ਦੀ ਧਾਰਮਿਕ ਕਿਰਪਾਨ (ਸ੍ਰੀ ਸਾਹਿਬ) ਹੀ ਕਿਉਂ ਨਾ ਹੋਵੇ। ਅਦਾਲਤ ਨੇ ਮੰਨਿਆ ਕਿ ਬਹੁ-ਧਰਮੀ ਸਮਾਜ ਵਿਚ ਵਿਭਿੰਨਤਾ ਜ਼ਰੂਰੀ ਹੈ ਪਰ ਲੋਕਾਂ ਦੀ ਸੁਰੱਖਿਆ ਲਈ ਹਥਿਆਰ ਸੰਭਾਵਿਤ ਖਤਰਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਧਾਰਨ ਕਰਨਾ ਉਨ੍ਹਾਂ ਦੇ ਨਿੱਜੀ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਹੋਵੇਗਾ। 
ਇੱਥੇ ਦੱਸ ਦੇਈਏ ਕਿ ਉਕਤ ਫੈਸਲਾ ਸਿੱਖ ਨੌਜਵਾਨ ਵੱਲੋਂ ਜਨਤਕ ਥਾਂ ''ਤੇ ਕਿਰਪਾਨ ਪਹਿਨਣ ਦੇ ਮਾਮਲੇ ਵਿਚ ਸੁਣਾਇਆ ਗਿਆ ਹੈ। 6 ਮਾਰਚ, 2013 ਨੂੰ ਉਕਤ ਸਿੱਖ ਨੌਜਵਾਨ ਨੇ 20 ਸੈਂਟੀਮੀਟਰ ਦੀ ਕਿਰਪਾਨ ਜਨਤਕ ਥਾਂ ''ਤੇ ਧਾਰਨ ਕੀਤੀ ਹੋਈ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸਿੱਖ ਨੌਜਵਾਨ ''ਤੇ 2000 ਯੂਰੋ ਦਾ ਜੁਰਮਾਨਾ ਲਗਾਇਆ ਹੈ। ਸਿੱਖ ਵਿਅਕਤੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਧਾਰਮਿਕ ਚਿੰਨ੍ਹ ਹੈ, ਜਿਵੇਂ ਕਿ ਦਸਤਾਰ ਹੈ ਅਤੇ ਇਹ ਉਨ੍ਹਾਂ ਦਾ ਧਰਮ ਹੈ ਕਿ ਉਹ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਰਵਾਸੀਆਂ ਨੂੰ ਮੇਜ਼ਬਾਨ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Kulvinder Mahi

News Editor

Related News