ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਨੇ ਦੁਨੀਆ ਭਰ ’ਚ ਫੈਲਾਈ ਦਹਿਸ਼ਤ, WHO ਨੇ ਦਿੱਤਾ ਇਹ ਬਿਆਨ
Monday, Nov 29, 2021 - 11:05 AM (IST)
ਸੰਯੁਕਤ ਰਾਸ਼ਟਰ/ਜਿਨੇਵਾ (ਭਾਸ਼ਾ): ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਕੀ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ‘ਓਮੀਕ੍ਰੋਨ’, ਡੈਲਟਾ ਵੇਰੀਐਂਟ ਸਮੇਤ ਹੋਰ ਵੇਰੀਐਂਟਾਂ ਦੀ ਤੁਲਨਾ ਵਿਚ ਜ਼ਿਆਦਾ ਛੂਤਕਾਰੀ ਹੈ ਅਤੇ ਕੀ ਇਹ ਮੁਕਾਬਲਾਤਨ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਹੈ। ਡਬਲਯੂ.ਐਚ.ਓ. ਨੇ ਕਿਹਾ, ‘ਇਸ ਬਾਰੇ ਵਿਚ ਕੋਈ ਜਾਣਕਾਰੀ ਉਪਬਲੱਧ ਨਹੀਂ ਹੈ, ਜੋ ਇਹ ਦੱਸਦੀ ਹੋਵੇ ਕਿ ਓਮੀਕ੍ਰੋਨ ਨਾਲ ਜੁੜੇ ਲੱਛਣ ਹੋਰ ਵੇਰੀਐਂਟਾਂ ਦੀ ਤੁਲਨਾ ਵਿਚ ਵੱਖ ਹੈ।’ ਉਸ ਨੇ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਦੀ ਗੰਭੀਰਤਾ ਦਾ ਪੱਧਰ ਸਮਝਣ ਵਿਚ ਕਈ ਦਿਨਾਂ ਤੋਂ ਲੈ ਕੇ ਕਈ ਹਫ਼ਤਿਆਂ ਤੱਕ ਦਾ ਸਮਾਂ ਲੱਗੇਗਾ। ਡਬਲਯੂ.ਐਚ.ਓ. ਨੇ ਸੋਮਵਾਰ ਨੂੰ ਦੁਨੀਆ ਭਰ ਦੇ ਹੋਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਓਮੀਕ੍ਰੋਨ ਨੂੰ ਲੈ ਕੇ ਚਿੰਤਾ ਕਾਰਨ ਦੱਖਣੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀਆਂ ਨਾ ਲਗਾਉਣ। ਅਫਰੀਕਾ ਲਈ ਡਬਲਯੂ.ਐਚ.ਓ. ਦੇ ਖੇਤਰੀ ਨਿਰਦੇਸ਼ਕ ਮਾਤਿਸ਼ਦਿਸੋ ਮੋਏਤੀ ਨੇ ਦੇਸ਼ਾਂ ਨੂੰ ਯਾਤਰਾ ਪਾਬੰਦੀਆਂ ਦੀ ਵਰਤੋਂ ਕਰਨ ਤੋਂ ਬਚਣ ਲਈ ਵਿਗਿਆਨ ਅਤੇ ਅੰਤਰਰਾਸ਼ਟਰੀ ਸਿਹਤ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ‘ਓਮੀਕ੍ਰੋਨ’ ਦੀ ਦਹਿਸ਼ਤ ’ਚ 14 ਹੋਰ ਦੇਸ਼ਾਂ ਨੇ ਕੀਤੀ ‘ਐਂਟਰੀ ਬੈਨ’
ਉਨ੍ਹਾਂ ਕਿਹਾ, ‘ਯਾਤਰਾ ਪਾਬੰਦੀਆਂ ਕੋਵਿਡ-19 ਦੀ ਲਾਗ ਨੂੰ ਘੱਟ ਕਰਨ ਵਿਚ ਭੂਮਿਕਾ ਨਿਭਾਅ ਸਕਦੀਆਂ ਹਨ, ਪਰ ਇਸ ਨਾਲ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ’ਤੇ ਬਹੁਤ ਪ੍ਰਭਾਵ ਪੈਂਦਾ ਹੈ।’ ਓਮੀਕ੍ਰੋਨ ਨਾਲ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਉਣ ਦਰਮਿਆਨ ਕਈ ਦੇਸ਼ਾਂ ਨੇ ਦੱਖਣੀ ਅਫਰੀਕੀ ਦੇਸ਼ਾਂ ਦੇ ਯਾਤਰੀਆਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਬੀ.1.1.529 ਦਾ ਪਤਾ ਲੱਗਣ ਅਤੇ ਉਸ ਦੇ ਛੂਤਕਾਰੀ ਹੋਣ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਐਤਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਅਤੇ ਦੁਨੀਆ ਭਰ ਦੇ ਖੋਜਕਰਤਾ ਓਮੀਕ੍ਰੋਨ ਦੇ ਕਈ ਪਹਿਲੂਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਇਨ੍ਹਾਂ ਖੋਜਾਂ ਦੇ ਨਤੀਜਿਆਂ ਦੇ ਸਾਹਮਣੇ ਆਉਣ ਦੇ ਬਾਅਦ ਉਨ੍ਹਾਂ ਨੂੰ ਸਾਂਝਾਂ ਕਰਨਗੇ। ਡਬਲਯੂ.ਐਚ.ਓ. ਨੇ ਓਮੀਕ੍ਰੋਨ ਨੂੰ ‘ਚਿੰਤਾਜਨਕ ਵੇਰੀਐਂਟ’ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ
ਸੰਗਠਨ ਨੇ ਕਿਹਾ, ‘ਅਜੇ ਇਹ ਸਪਸ਼ਟ ਨਹੀਂ ਹੈ ਕਿ ਓਮੀਕ੍ਰੋਨ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਛੂਤਕਾਰੀ ਹੈ ਜਾਂ ਨਹੀਂ।’ ਉਸ ਨੇ ਕਿਹਾ ਦੱਖਣੀ ਅਫਰੀਕਾ ਵਿਚ ਇਸ ਵੇਰੀਐਂਟ ਨਾਲ ਪੀੜਤ ਪਾਏ ਗਏ ਲੋਕਾਂ ਦੀ ਸੰਖਿਆ ਵਧੀ ਹੈ ਪਰ ਇਹ ਸਮਝਣ ਲਈ ਮਹਾਮਾਰੀ ਵਿਗਿਆਨ ਸਬੰਧੀ ਅਧਿਐਨ ਚੱਲ ਰਹੇ ਹਨ ਕਿ ਕੀ ਇਹ ਓਮੀਕ੍ਰੋਨ ਕਾਰਨ ਹੈ ਜਾਂ ਹੋਰ ਕਾਰਕ ਇਸ ਲਈ ਜ਼ਿੰਮੇਦਾਰ ਹਨ। ਡਬਲਯੂ.ਐਚ.ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗ੍ਰੇਬੇਯਸਸ ਨੇ ਕਿਹਾ ਕਿ ਓਮੀਕ੍ਰੋਨ ਟੀਕਾਕਰਨ ਨੂੰ ਲੈ ਕੇ ਅਨਿਆਂ ਦੇ ਖ਼ਤਰੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘ਅਸੀਂ ਟੀਕਾਕਰਨ ਵਿਚ ਸਮਾਨਤਾ ਲਿਆਉਣ ਵਿਚ ਜਿੰਨੀ ਦੇਰੀ ਕਰਾਂਗੇ, ਅਸੀਂ ਕੋਵਿਡ-19 ਨੂੰ ਓਨਾ ਹੀ ਫੈਲਣ, ਓਨਾ ਹੀ ਰੂਪ ਬਦਲਣ ਅਤੇ ਹੋਰ ਜ਼ਿਆਦਾ ਖ਼ਤਰਨਾਕ ਬਣਨ ਦੀ ਇਜਾਜ਼ਤ ਦੇਵਾਂਗੇ।’ ਉਨ੍ਹਾਂ ਕਿਹਾ ਕਿ ਡਬਲਯੂ.ਐਚ.ਓ. ਦੁਨੀਆ ਭਰ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਓਮੀਕ੍ਰੋਨ ਸੰਕ੍ਰਮਣ ਦੇ ਮੁੱਖ ਪਹਿਲੂਆਂ ਅਤੇ ਇਸ ਦੇ ਪ੍ਰਭਾਵ ਨੂੰ ਬਿਹਤਰ ਢੰਮ ਨਾਲ ਸਮਝਿਆ ਜਾ ਸਕੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।