ਬ੍ਰਿਟੇਨ ਦੇ ਮੰਤਰੀ ਦਾ ਬਿਆਨ: ਕਿਸਾਨਾਂ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਭਾਰਤ ਦਾ ਮਾਮਲਾ
Saturday, Mar 13, 2021 - 03:16 PM (IST)
ਲੰਡਨ (ਭਾਸ਼ਾ): ਬ੍ਰਿਟੇਨ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਆਪਣੀ ਨਵੀਂ ਦਿੱਲੀ ਫੇਰੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ ਇਕ ਲੋਕਤੰਤਰ ਦੇ ਰੂਪ ਵਿਚ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਗਰੰਟੀ ਦਿੱਤੀ ਹੈ ਅਤੇ ਖੇਤੀ ਸੁਧਾਰਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਇੱਕ ਅਜਿਹਾ ਮੁੱਦਾ ਹੈ, ਜੋ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦਾ ਮਾਮਲਾ ਹੈ। ਜਿਕਰਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਇਸ ਮੁੱਦੇ ‘ਤੇ ਬ੍ਰਿਟੇਨ ਦੀ ਸੰਸਦੀ ਕਮੇਟੀ ਦੇ ਇੱਕ ਕਮਰੇ ਵਿੱਚ ਚਰਚਾ ਆਯੋਜਿਤ ਕੀਤੀ ਗਈ ਸੀ, ਜਿਸ ਦੀ ਭਾਰਤ ਨੇ ਦਖਲਅੰਦਾਜ਼ੀ ਵਜੋਂ ਨਿੰਦਾ ਕੀਤੀ ਸੀ।
ਇੱਥੋਂ ਤੱਕ ਕਿ ਉਸ ਬੈਠਕ ਨੂੰ ਲੈ ਕੇ ਮੁਲਾਕਾਤ ਕਰਨ ਲਈ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਏਲਿਸ ਨੂੰ ਸੱਦਿਆ ਸੀ। ਬ੍ਰਿਟੇਨ ਦੇ ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫ.ਸੀ.ਡੀ.ਓ.) ਵਿਚ ਭਾਰਤੀ ਮਾਮਲਿਆਂ ਦੇ ਰਾਜ ਮੰਤਰੀ ਲਾਰਡ ਅਹਿਮਦ ਸੋਮਵਾਰ ਨੂੰ ਆਪਣੀ 5 ਦਿਨਾਂ ਭਾਰਤ ਯਾਤਰਾ ਦੀ ਸ਼ੁਰੂਆਤ ਕਰਨਗੇ। ਆਪਣੀ ਯਾਤਰਾ ਤੋਂ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਇਹ ਬਹੁਤ ਹੀ ਦੋਸਤਾਨਾ ਮੁਲਾਕਾਤ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ ਵਿਰੋਧ ਦੇ ਮੁੱਦੇ ‘ਤੇ ਰਸਮੀ ਤੌਰ ’ਤੇ ਬੈਠਕ ਕਰ ਰਹੇ ਸਨ ਅਤੇ ਇਸ ‘ਤੇ ਚਰਚਾ ਕੀਤੀ। ਭਾਰਤ ਨੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ, ਅਸੀਂ ਇਹ ਦੁਹਰਾਇਆ ਹੈ ਕਿ ਬਹਿਸ ਦੀ ਸੰਸਦੀ ਪ੍ਰਣਾਲੀ ਅਤੇ ਸਾਡੇ ਸੰਸਦੀ ਲੋਕਤੰਤਰ ਦਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਸਥਿਤੀ ਨੂੰ ਵੀ ਸਪਸ਼ਟ ਰੱਖਿਆ ਜਾ ਸਕੇ।'
ਇਹ ਵੀ ਪੜ੍ਹੋ: ਟਰੰਪ ਸ਼ਾਸਨ ਦੌਰਾਨ ਐਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਈਡੇਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ
ਉਨ੍ਹਾਂ ਕਿਹਾ , ‘ਵਿਰੋਧ ਪ੍ਰਦਰਸ਼ਨ ਕਈ ਮਹੀਨਿਆਂ ਤੋਂ ਹੋ ਰਹੇ ਹਨ ਅਤੇ ਲੋਕਤੰਤਰ ਦੇ ਰੂਪ ਵਿਚ ਭਾਰਤ ਨੇ ਪੂਰੀ ਤਰ੍ਹਾਂ ਨਾਲ ਵਿਰੋਧ ਦੇ ਅਧਿਕਾਰ ਦੀ ਗਾਰੰਟੀ ਦਿੱਤੀ ਹੈ ਅਤੇ ਇਸ ਨੂੰ ਸੁਰੱਖਿਅਤ ਕੀਤਾ ਹੈ, ਜਿਸ ਨੂੰ ਅਸੀਂ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ। ਮੈਂ ਪੂਰੀ ਤਰ੍ਹਾਂ ਨਾਲ ਸਪੱਸ਼ਟ ਕਰਦਾ ਹਾਂ ਕਿ ਵਿਰੋਧ ਪ੍ਰਦਰਸ਼ਨ ਦਾ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦਾ ਮਾਮਲਾ ਹੈ।’ ਇਸ ਯਾਤਰਾ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਆਗਾਮੀ ਦੌਰ ਲਈ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਜੋ ਜੂਨ ਵਿਚ ਕਾਰਨਵਾਲ ਵਿਚ ਜੀ7 ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਦਾ ਦੌਰਾ ਕਰਨ ਵਾਲੇ ਹਨ।
ਇਹ ਵੀ ਪੜ੍ਹੋ: ਕੈਨੇਡਾ ’ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਜਗਮੀਤ ਸਿੰਘ ਦਾ ਰਿਸ਼ਤੇਦਾਰ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।