ਇਜ਼ਰਾਇਲੀ ਹਮਲੇ ''ਚ ਮਾਰੇ ਗਏ ਹਿਜ਼ਬੁੱਲਾ ਦੇ 5 ਲੜਾਕੇ, ਲੇਬਨਾਨ ਨੇ ਵਰ੍ਹਾਏ ਰਾਕੇਟ

Tuesday, Aug 06, 2024 - 09:08 PM (IST)

ਇਜ਼ਰਾਇਲੀ ਹਮਲੇ ''ਚ ਮਾਰੇ ਗਏ ਹਿਜ਼ਬੁੱਲਾ ਦੇ 5 ਲੜਾਕੇ, ਲੇਬਨਾਨ ਨੇ ਵਰ੍ਹਾਏ ਰਾਕੇਟ

ਇੰਟਰਨੈਸ਼ਨਲ ਡੈਸਕ : ਇੱਕ ਪਾਸੇ ਗਾਜ਼ਾ ਵਿੱਚ ਹਮਾਸ ਅਤੇ ਦੂਜੇ ਪਾਸੇ ਲੇਬਨਾਨ ਵਿਚ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਸੰਘਰਸ਼ ਜਾਰੀ ਹੈ। ਇਜ਼ਰਾਇਲੀ ਫੌਜ ਇਨ੍ਹਾਂ ਦੋਹਾਂ ਮੋਰਚਿਆਂ 'ਤੇ ਜੰਗ ਲੜ ਰਹੀ ਹੈ। ਇਸ ਦੇ ਨਾਲ ਹੀ ਤੀਜਾ ਮੋਰਚਾ ਇਰਾਨ ਨਾਲ ਸ਼ੁਰੂ ਹੋਣ ​ਦੀ ​ਸੰਭਾਵਨਾ ਹੈ। ਦੱਖਣੀ ਲੇਬਨਾਨ 'ਚ ਮੰਗਲਵਾਰ ਨੂੰ ਇਜ਼ਰਾਈਲੀ ਹਮਲੇ ਵਿੱਚ ਪੰਜ ਹਿਜ਼ਬੁੱਲਾ ਲੜਾਕੇ ਮਾਰੇ ਗਏ। ਇਨ੍ਹਾਂ 'ਚ ਇਕ ਵੱਡੇ ਕਮਾਂਡਰ ਅਲੀ ਜਮਾਲ ਅਲਦੀਨ ਜਵਾਦ ਦਾ ਨਾਂ ਵੀ ਸ਼ਾਮਲ ਹੈ।

ਇਜ਼ਰਾਇਲੀ ਹਵਾਈ ਫੌਜ ਨੇ ਇੱਕ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਰਾਦਵਾਨ ਫੋਰਸ ਦੇ ਕਮਾਂਡਰ ਅਲੀ ਜਮਾਲ ਅਲ-ਦੀਨ ਜਵਾਦ ਨੂੰ ਮਾਰ ਦਿੱਤਾ ਹੈ। ਉਸਦੀ ਹੱਤਿਆ ਨੇ ਹਿਜ਼ਬੁੱਲਾ ਦੀ ਉੱਤਰੀ ਇਜ਼ਰਾਈਲ ਵਿਰੁੱਧ ਦੱਖਣੀ ਲੇਬਨਾਨ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਉਹਨਾਂ ਨੂੰ ਅੰਜ਼ਾਮ ਦੇਣ ਦੀ ਸਮਰੱਥਾ ਨੂੰ ਕਾਫ਼ੀ ਘਟਾ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਲੇਬਨਾਨ ਦੇ ਪਾਸਿਓਂ ਡਰੋਨ ਅਤੇ ਰਾਕੇਟ ਵੀ ਦਾਗੇ ਗਏ।

ਹਿਜ਼ਬੁੱਲਾ ਦੇ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਇਜ਼ਰਾਈਲੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। IDF ਦਾ ਦਾਅਵਾ ਹੈ ਕਿ ਲੇਬਨਾਨ ਦੁਆਰਾ ਕੀਤੇ ਗਏ ਡਰੋਨ ਹਮਲੇ ਨੂੰ ਆਇਰਨ ਡੋਮ ਰਾਹੀਂ ਨਸ਼ਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਕੁਝ ਡਰੋਨ ਇਜ਼ਰਾਈਲੀ ਖੇਤਰ ਵਿਚ ਡਿੱਗਣ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਇਆ ਹੈ।

ਹਮਾਸ ਦੇ ਨੇਤਾ ਇਸਮਾਈਲ ਹਾਨੀਆ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ 'ਚ ਤਣਾਅ ਆਪਣੇ ਸਿਖਰ 'ਤੇ ਹੈ। ਇਸ ਦੌਰਾਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਹੁਸੈਨ ਸਲਾਮੀ ਨੇ ਕਿਹਾ ਹੈ ਕਿ ਇਜ਼ਰਾਇਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਾਸਿਰ ਕਾਨਾਨੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਈਰਾਨ ਖੇਤਰ ਵਿੱਚ ਤਣਾਅ ਨਹੀਂ ਵਧਾਉਣਾ ਚਾਹੁੰਦਾ ਪਰ ਇਜ਼ਰਾਇਲ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ।

ਇਜ਼ਰਾਇਲ ਨੇ ਹਾਨੀਆ ਦੀ ਹੱਤਿਆ ਕਰਕੇ ਖੇਤਰ ਵਿੱਚ ਤਣਾਅ ਵਧਾ ਦਿੱਤਾ ਹੈ। ਇਸ ਦੌਰਾਨ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਸੋਮਵਾਰ ਨੂੰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦੇ ਈਰਾਨੀ ਮੁਖੀ ਜਨਰਲ ਮੁਹੰਮਦ ਬਘੇਰੀ ਨੇ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖੇਤਰੀ ਮੁੱਦਿਆਂ ਅਤੇ ਸੰਭਾਵੀ ਸਹਿਯੋਗ ਬਾਰੇ ਚਰਚਾ ਕੀਤੀ ਗਈ। ਇਸ ਬੈਠਕ 'ਚ ਤਹਿਰਾਨ 'ਚ ਰਹਿ ਰਹੇ ਰਾਜਦੂਤ ਅਤੇ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ।

ਇਸ ਦੇ ਨਾਲ ਹੀ ਅਮਰੀਕਾ ਨੇ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੂ ਦੇ ਦੌਰੇ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਸਵਾਲ ਖੜ੍ਹੇ ਕੀਤੇ ਹਨ ਕਿ ਉਨ੍ਹਾਂ ਦੀ ਯਾਤਰਾ ਅਜਿਹੇ ਮੌਕੇ 'ਤੇ ਕਿਉਂ ਹੋਈ। ਹਾਲਾਂਕਿ ਉਨ੍ਹਾਂ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਸਮਰਥਨ ਮਿਲਣ ਦੀ ਸੰਭਾਵਨਾ ਵੀ ਜਤਾਈ ਹੈ। ਇੰਨਾ ਹੀ ਨਹੀਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਸਥਿਤੀ ਨੂੰ ਨਾਜ਼ੁਕ ਦੱਸਦੇ ਹੋਏ ਡਿਪਲੋਮੈਟਾਂ ਨੂੰ ਮੱਧ ਪੂਰਬ 'ਚ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ।


author

Baljit Singh

Content Editor

Related News