ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਟਿੱਪਣੀ ਹਿੰਸਾ ਨੂੰ ਭੜਕਾਉਣ ਵਾਲੀ: ਫਲਸਤੀਨ

02/01/2022 2:14:58 PM

ਰਾਮੱਲਾ (ਵਾਰਤਾ): ਫਲਸਤੀਨੀ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦਾ ਫਲਸਤੀਨੀ ਦੇਸ਼ ਦੀ ਸਥਾਪਨਾ ਨੂੰ ਰੱਦ ਕਰਨ ਸਬੰਧੀ ਬਿਆਨ ‘ਹਿੰਸਾ ਭੜਕਾਉਣ ਵਾਲਾ ਅਤੇ ਇਜ਼ਰਾਈਲੀ ਸਰਕਾਰ ਦੇ ਸ਼ਾਂਤੀ ਵਿਰੋਧੀ ਰੁਖ ਦਾ ਸਬੂਤ’ ਹੈ। ਸ਼ਤਾਯੇਹ ਨੇ ਸੋਮਵਾਰ ਨੂੰ ਫਲਸਤੀਨੀ ਅਥਾਰਟੀ ਕੈਬਨਿਟ ਦੀ ਹਫ਼ਤਾਵਾਰੀ ਮੀਟਿੰਗ ਤੋਂ ਬਾਅਦ ਇਕ ਅਧਿਕਾਰਤ ਬਿਆਨ ਵਿਚ ਇਹ ਗੱਲ ਕਹੀ। ਇਜ਼ਰਾਈਲੀ ਮੀਡੀਆ ਮੁਤਾਬਕ ਬੇਨੇਟ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਪ੍ਰਧਾਨ ਮੰਤਰੀ ਹਨ, ਉਦੋਂ ਤੱਕ ਕੋਈ ‘ਓਸਲੋ’ ਨਹੀਂ ਹੋਵੇਗਾ।

ਓਸਲੋ 1993 ਵਿਚ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦਾ ਨਾਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਫਲਸਤੀਨੀ ਦੇਸ਼ ਦੀ ਸਥਾਪਨਾ ਦਾ ਵਿਰੋਧ ਕਰਦੇ ਹਨ ਅਤੇ ਉਹ ਇਸ ਦੀ ਸਥਾਪਨਾ ਦਾ ਰਾਹ ਪੱਧਰਾ ਕਰਨ ਵਾਲੀ ਕਿਸੇ ਵੀ ਸਿਆਸੀ ਗੱਲਬਾਤ ਦੀ ਇਜਾਜ਼ਤ ਨਹੀਂ ਦੇਣਗੇ। ਇਸ ਦੇ ਜਵਾਬ ਵਿਚ ਸ਼ਤਾਯੇਹ ਨੇ ਕਿਹਾ ਕਿ ਗੱਲਬਾਤ ਤੋਂ ਇਨਕਾਰ ‘ਸਾਡੇ ਅਤੇ ਪੂਰੀ ਦੁਨੀਆ ਦੇ ਸਾਹਮਣੇ ਬੇਨੇਟ ਸਰਕਾਰ ਦੇ ਕੱਟੜਪੰਥੀ ਅਤੇ ਸ਼ਾਂਤੀ ਵਿਰੋਧੀ ਰੁਖ ਦਾ ਸਬੂਤ ਹੈ।’ ਉਨ੍ਹਾਂ ਨੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੂੰ ਦਖਲ ਦੇਣ ਦੀ ਮੰਗ ਕੀਤੀ ਕਿ ਉਹ ਪੂਰਬੀ ਯੇਰੂਸ਼ਲਮ ਵਿਚ ਇਜ਼ਰਾਈਲੀ ਬਸਤੀਆਂ ਦੀ ਸਥਾਪਨਾ ’ਤੇ ਰੋਕ ਲਾਉਣ ਲਈ ਦਖ਼ਲ ਦੇਣ। ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਸਿੱਧੀ ਸ਼ਾਂਤੀ ਵਾਰਤਾ 2014 ਵਿਚ ਇਜ਼ਰਾਈਲੀ ਬਸਤੀਆਂ ’ਤੇ ਹੋਏ ਵਿਵਾਦ ਦੇ ਬਾਅਦ ਬੰਦ ਹੋ ਗਈ ਸੀ।


cherry

Content Editor

Related News