ਇਜ਼ਰਾਇਲ 'ਚ ਸਿਆਸੀ ਸੰਕਟ, ਸੰਸਦ ਭੰਗ, ਨੇਤਨਯਾਹੂ ਦੀ ਜਾਏਗੀ ਕੁਰਸੀ

Thursday, Dec 03, 2020 - 07:54 PM (IST)

ਤੇਲ ਅਵੀਲ— ਇਜ਼ਰਾਈਲ 'ਚ ਇਕ ਵਾਰ ਫਿਰ ਰਾਜਨੀਤਕ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਸ਼ਾਸਨ ਦਾ ਅੰਤ ਹੈ। ਇਜ਼ਰਾਇਲ ਦੀ ਸੰਸਦ ਨੈਸੇਟ ਨੂੰ ਭੰਗ ਕੀਤੇ ਜਾਣ ਦਾ ਸ਼ੁਰੂਆਤੀ ਪ੍ਰਸਤਾਵ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁਲਕ 'ਚ ਦੋ ਸਾਲਾਂ 'ਚ ਚੌਥੀ ਵਾਰ ਆਮ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਪੈਦਾ ਹੋ ਗਈ ਹੈ।

ਗਠਜੋੜ 'ਚ ਨੇਤਨਯਾਹੂ ਦੇ ਸਹਿਯੋਗੀ ਬੇਨੀ ਗੇਂਟਜ ਨੇ ਨੇਤਨਯਾਹੂ 'ਤੇ ਵਾਅਦਾਖਿਲਾਫ਼ੀ ਦਾ ਦੋਸ਼ ਲਾਇਆ ਹੈ। ਗੇਂਟਜ ਨੇ ਕਿਹਾ ਹੈ ਕਿ ਉਹ ਸੰਸਦ 'ਚ ਸਰਕਾਰ ਵਿਰੁੱਧ ਵੋਟ ਪਾਉਣਗੇ ਅਤੇ ਹੁਣ ਬਿਹਤਰ ਇਹੀ ਹੋਵੇਗਾ ਕਿ ਦੇਸ਼ 'ਚ ਮੁੜ ਚੋਣਾਂ ਕਰਵਾਈਆਂ ਜਾਣ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਾਹੂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ ਅਤੇ ਕਈ ਮਹੀਨਿਆਂ ਤੋਂ ਤੇਲ ਅਵੀਲ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਵੀ ਹੋ ਰਹੇ ਹਨ।

ਇਜ਼ਰਾਇਲੀ ਸੰਸਦ ਨੈਸੇਟ 'ਚ ਪੇਸ਼ ਇਸ ਸ਼ੁਰੂਆਤੀ ਪ੍ਰਸਤਾਵ ਦੇ ਪੱਖ 'ਚ 61, ਜਦੋਂ ਕਿ ਵਿਰੋਧ 'ਚ 54 ਵੋਟਾਂ ਪਈਆਂ। ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਅੰਤਿਮ ਵੋਟਿੰਗ ਤੋਂ ਬਾਅਦ ਸੰਸਦ ਨੂੰ ਭੰਗ ਕੀਤਾ ਜਾ ਸਕਦਾ ਹੈ, ਜਿਸ ਪਿੱਛੋਂ ਮਾਰਚ ਜਾਂ ਅਪ੍ਰੈਲ 'ਚ ਇਜ਼ਰਾਇਲ 'ਚ ਫਿਰ ਤੋਂ ਚੋਣਾਂ ਹੋ ਸਕਦੀਆਂ ਹਨ। ਇਸ ਪ੍ਰਸਤਾਵ ਨੂੰ ਸੰਸਦੀ ਕਮੇਟੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਤੋਂ ਬਾਅਦ ਇਸ 'ਤੇ ਦੋ ਵਾਰ ਹੋਰ ਵੋਟਿੰਗ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਲਈ ਕਰਨਾ ਪੈ ਸਕਦਾ ਹੈ ਇੰਨਾ ਲੰਮਾ ਇੰਤਜ਼ਾਰ!

ਨੇਤਨਯਾਹੂ ਲਿਕੁਡ ਪਾਰਟੀ ਦੇ ਪ੍ਰਧਾਨ ਹਨ। ਗੇਂਟਜ 'ਬਲੂ ਐਂਡ ਵ੍ਹਾਈਟ' ਪਾਰਟੀ ਦੇ ਲੀਡਰ ਹਨ। ਮਈ 'ਚ ਦੋਵੇਂ ਦਲਾਂ ਨੇ ਇਕ ਸਾਂਝੇ ਪ੍ਰੋਗਰਾਮ ਰਾਹੀਂ ਸਰਕਾਰ ਬਣਾਉਣ 'ਤੇ ਸਹਿਮਤੀ ਜਤਾਈ ਸੀ। ਇਕ ਡੀਲ ਵੀ ਹੋਈ ਸੀ, ਜਿਸ ਤਹਿਤ ਨੇਤਨਯਾਹੂ ਪਹਿਲੇ 18 ਮਹੀਨੇ ਪ੍ਰਧਾਨ ਮੰਤਰੀ ਰਹਿਣਗੇ ਅਤੇ ਅਗਲੇ 18 ਮਹੀਨੇ ਗੇਂਟਜ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ। ਸਰਕਾਰ ਬਣਨ ਬਾਅਦ ਹੀ ਦੋਵਾਂ ਪਾਰਟੀਆਂ ਦੇ ਕਈ ਮਤਭੇਦ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ

ਗੇਂਟਜ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਸਰਕਾਰ ਬਣੀ ਹੈ, ਉਦੋਂ ਤੋਂ ਬੇਂਜਾਮਿਨ ਗਠਜੋੜ ਦੇ ਵਾਅਦੇ ਨਹੀਂ ਨਿਭਾ ਰਹੇ। ਜੇਕਰ ਇਹੀ ਰਿਹਾ ਤਾਂ ਅੱਗੇ ਇਕੱਠਿਆਂ ਚੱਲਣਾ ਔਖਾ ਹੋਵੇਗਾ। ਗੇਂਟਜ ਦੇਸ਼ ਦੇ ਰੱਖਿਆ ਮੰਤਰੀ ਹਨ। ਗੇਂਟਜ ਦੀ ਪਾਰਟੀ ਨੇ ਸਰਕਾਰ ਭੰਗ ਕਰਨ ਦੇ ਸਮਰਥਨ 'ਚ ਵੋਟ ਪਾਈ ਹੈ। ਪਾਰਟੀ ਨੇ ਪ੍ਰਧਾਨ ਮੰਤਰੀ 'ਤੇ ਆਪਣੇ ਕਾਨੂੰਨੀ ਹਿੱਤਾਂ ਨੂੰ ਦੇਸ਼ ਤੋਂ ਉਪਰ ਰੱਖਣ ਦਾ ਦੋਸ਼ ਲਾਇਆ ਹੈ। ਇਸ ਸਾਲ ਦੇ ਸ਼ੁਰੂ 'ਚ ਨੇਤਨਯਾਹੂ 'ਤੇ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਅਗਲੇ ਮਹੀਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁਣ ਵਾਲੀ ਹੈ, ਜਿਸ 'ਚ ਨੇਤਨਯਾਹੂ ਨੂੰ ਪੇਸ਼ ਹੋਣਾ ਹੈ।


Sanjeev

Content Editor

Related News