ਇਜ਼ਰਾਈਲ ਦੇ ਹਮਲੇ ਨਾਲ ਦਹਿਲ ਗਿਆ ਉੱਤਰੀ ਗਾਜ਼ਾ, ਔਰਤਾਂ ਤੇ ਬੱਚਿਆਂ ਸਣੇ 20 ਲੋਕਾਂ ਦੀ ਮੌਤ
Tuesday, Nov 05, 2024 - 03:16 PM (IST)
ਦੀਰ ਅਲ-ਬਲਾਹ (ਏਪੀ) : ਫਲਸਤੀਨੀ ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਗਾਜ਼ਾ ਪੱਟੀ 'ਚ ਇਜ਼ਰਾਈਲੀ ਹਵਾਈ ਹਮਲੇ 'ਚ ਘੱਟੋ-ਘੱਟ 20 ਲੋਕ ਮਾਰੇ ਗਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਨੇੜਲੇ ਹਸਪਤਾਲ ਦੇ ਨਿਰਦੇਸ਼ਕ ਹੋਸਾਮ ਅਬੂ ਸਫੀਆ ਨੇ ਕਿਹਾ ਕਿ ਇਹ ਸਟ੍ਰਾਈਕ ਸੋਮਵਾਰ ਦੇਰ ਰਾਤ ਬੀਤ ਲਹੀਆ ਕਸਬੇ 'ਚ ਇੱਕ ਘਰ 'ਤੇ ਹੋਈ ਜਿਥੇ ਕਈ ਪਰਿਵਾਰਾਂ ਨੇ ਸ਼ਰਣ ਲਈ ਹੋਈ ਸੀ।
ਗਾਜ਼ਾ ਦੇ ਸਿਹਤ ਮੰਤਰਾਲੇ ਦੀ ਐਮਰਜੈਂਸੀ ਸੇਵਾ ਦੁਆਰਾ ਪ੍ਰਦਾਨ ਕੀਤੀ ਗਈ ਸੂਚੀ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਅੱਠ ਔਰਤਾਂ ਅਤੇ ਛੇ ਬੱਚੇ ਸ਼ਾਮਲ ਹਨ। ਇਜ਼ਰਾਈਲੀ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਇਜ਼ਰਾਈਲ ਉੱਤਰੀ ਗਾਜ਼ਾ 'ਚ ਲਗਭਗ ਇੱਕ ਮਹੀਨੇ ਤੋਂ ਵਿਸ਼ਾਲ ਹਮਲਾ ਕਰ ਰਿਹਾ ਹੈ, ਜੋ ਕਿ ਪਹਿਲਾਂ ਹੀ ਖੇਤਰ ਦਾ ਸਭ ਤੋਂ ਅਲੱਗ ਅਤੇ ਭਾਰੀ ਤਬਾਹੀ ਵਾਲਾ ਇਲਾਕਾ ਹੈ।
ਇਸ ਦੌਰਾਨ ਬੀਤ ਲਾਹੀਆ, ਨੇੜਲੇ ਕਸਬੇ ਬੀਤ ਹੈਨੌਨ ਅਤੇ ਸ਼ਹਿਰੀ ਜਬਲੀਆ ਸ਼ਰਨਾਰਥੀ ਕੈਂਪ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਇਸ ਖੇਤਰ ਵਿੱਚ ਲਗਭਗ ਕੋਈ ਵੀ ਮਾਨਵਤਾਵਾਦੀ ਸਹਾਇਤਾ ਦੀ ਆਗਿਆ ਨਹੀਂ ਦਿੱਤੀ ਹੈ। ਹਮਾਸ ਦੀ ਅਗਵਾਈ ਵਾਲੇ ਅੱਤਵਾਦੀਆਂ ਵੱਲੋਂ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ 'ਤੇ ਹਮਲਾ ਕਰਨ ਤੋਂ ਸ਼ੁਰੂ ਹੋਏ ਯੁੱਧ 'ਚ ਵਿਸਥਾਪਨ ਦੀ ਤਾਜ਼ਾ ਲਹਿਰ 'ਚ ਹਜ਼ਾਰਾਂ ਲੋਕ ਨੇੜਲੇ ਗਾਜ਼ਾ ਸ਼ਹਿਰ ਵੱਲ ਭੱਜ ਗਏ ਹਨ।
ਉਸ ਹਮਲੇ ਵਿਚ ਲਗਭਗ 1,200 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਆਮ ਨਾਗਰਿਕ ਸਨ ਅਤੇ ਹੋਰ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਲਗਭਗ 100 ਬੰਧਕ ਅਜੇ ਵੀ ਗਾਜ਼ਾ ਦੇ ਅੰਦਰ ਹਨ, ਜਿਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਨੂੰ ਮਰੇ ਹੋਏ ਮੰਨਿਆ ਜਾ ਰਿਹਾ ਹੈ।
ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਦੇ ਜਵਾਬੀ ਹਮਲੇ 'ਚ 43,000 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਉਹ ਨਾਗਰਿਕਾਂ ਅਤੇ ਲੜਾਕਿਆਂ 'ਚ ਫਰਕ ਨਹੀਂ ਕਰਦਾ ਪਰ ਕਹਿੰਦਾ ਹੈ ਕਿ ਮਾਰੇ ਗਏ ਲੋਕਾਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸਨ। ਗਾਜ਼ਾ ਦੀ 2.3 ਮਿਲੀਅਨ ਲੋਕਾਂ ਦੀ ਆਬਾਦੀ ਦਾ ਲਗਭਗ 90 ਫੀਸਦੀ ਹਿੱਸਾ ਵਿਸਥਾਪਿਤ ਕੀਤਾ ਗਿਆ ਹੈ, ਉਹ ਵੀ ਕਈ ਵਾਰ।