ਈਰਾਨ ਨੂੰ ਤਬਾਹ ਕਰਨ ਦੇ ਮੂਡ ''ਚ ਨੇਤਨਯਾਹੂ! ਕਿਹਾ- ''ਆਖਰੀ ਫੈਸਲਾ ਸਾਡਾ''

Tuesday, Oct 15, 2024 - 04:41 PM (IST)

ਈਰਾਨ ਨੂੰ ਤਬਾਹ ਕਰਨ ਦੇ ਮੂਡ ''ਚ ਨੇਤਨਯਾਹੂ! ਕਿਹਾ- ''ਆਖਰੀ ਫੈਸਲਾ ਸਾਡਾ''

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਜ਼ਰਾਈਲ 1 ਅਕਤੂਬਰ ਦੇ ਈਰਾਨ ਦੇ ਉਸ ਹਮਲੇ ਦਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਈਰਾਨ ਨੇ 180 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਇਸ ਜਵਾਬੀ ਹਮਲੇ ਦੀ ਯੋਜਨਾ ਦੀ ਜਾਣਕਾਰੀ ਦਿੱਤੀ। ਨੇਤਨਯਾਹੂ ਨੇ ਕਿਹਾ ਕਿ ਉਹ ਈਰਾਨ ਦੇ ਤੇਲ ਜਾਂ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਦਾ ਇਰਾਦਾ ਨਹੀਂ ਰੱਖਦੇ, ਪਰ ਇਸ ਦੀ ਬਜਾਏ ਈਰਾਨੀ ਫੌਜੀ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨਗੇ। ਨੇਤਨਯਾਹੂ ਦੇ ਦਫਤਰ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਜ਼ਰਾਈਲ ਅਮਰੀਕਾ ਦੀ ਸਲਾਹ ਨੂੰ ਸੁਣੇਗਾ, ਪਰ ਸਿਰਫ ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਹੀ ਕੰਮ ਕਰੇਗਾ।

ਇਹ ਬਿਆਨ ਵਾਸ਼ਿੰਗਟਨ ਪੋਸਟ ਦੇ ਇੱਕ ਲੇਖ ਦੇ ਨਾਲ ਆਇਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਸਰਕਾਰ ਨੂੰ ਕਿਹਾ ਸੀ ਕਿ ਇਜ਼ਰਾਈਲ ਈਰਾਨ 'ਤੇ ਹਮਲੇ 'ਚ ਫੌਜੀ ਟੀਚਿਆਂ ਨੂੰ ਨਿਸ਼ਾਨਾ ਬਣਾਏਗਾ, ਨਾ ਕਿ ਤੇਲ ਜਾਂ ਪ੍ਰਮਾਣੂ ਕੇਂਦਰਾਂ ਨੂੰ। ਵਾਸ਼ਿੰਗਟਨ ਪੋਸਟ ਨੇ ਦੋ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਨੇਤਨਯਾਹੂ ਨੇ ਬਿਡੇਨ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਵੱਡੇ ਪੱਧਰ 'ਤੇ ਜੰਗ ਨੂੰ ਭੜਕਾਉਣ ਤੋਂ ਬਚਣ ਲਈ ਈਰਾਨ ਦੇ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਲਈ ਤਿਆਰ ਹਨ। ਇਸ ਹਮਲੇ ਦਾ ਮਕਸਦ ਸੰਘਰਸ਼ ਨੂੰ ਸੀਮਤ ਕਰਨਾ ਹੈ ਅਤੇ ਇਸ ਨਾਲ ਅਮਰੀਕੀ ਚੋਣਾਂ 'ਚ ਦਖਲਅੰਦਾਜ਼ੀ ਦੇ ਦੋਸ਼ਾਂ ਤੋਂ ਬਚਿਆ ਜਾ ਸਕੇਗਾ।

ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਬੀ ਹਮਲਾ ਈਰਾਨ ਦੇ ਹਾਲੀਆ ਹਮਲੇ ਨਾਲੋਂ ਜ਼ਿਆਦਾ ਤਿੱਖਾ ਹੋਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੇ ਰੱਖਿਆ ਮੰਤਰੀ ਯੋਵ ਗੈਲੈਂਟ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ, ਜਿਸ 'ਚ ਉਨ੍ਹਾਂ ਨੇ ਜਵਾਬੀ ਹਮਲੇ ਦੀ ਵਿਸਤ੍ਰਿਤ ਯੋਜਨਾ ਬਾਰੇ ਚਰਚਾ ਕੀਤੀ। ਇਜ਼ਰਾਈਲ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਉਹ ਪੂਰੇ ਖੇਤਰ ਵਿਚ ਯੁੱਧ ਨਹੀਂ ਭੜਕਾਉਣਾ ਚਾਹੁੰਦਾ, ਪਰ ਈਰਾਨ ਦੇ ਹਮਲੇ ਨੂੰ ਵੀ ਜਵਾਬ ਦਿੱਤੇ ਬਿਨਾਂ ਨਹੀਂ ਛੱਡਿਆ ਜਾ ਸਕਦਾ ਹੈ। ਇਜ਼ਰਾਈਲ ਦੀ ਇਸ ਯੋਜਨਾ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।

ਅਮਰੀਕੀ ਫੌਜ ਨੇ ਇਲਾਕੇ 'ਚ THAAD ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਅਮਰੀਕੀ ਫੌਜੀ ਸੰਚਾਲਿਤ ਕਰਨਗੇ। ਇਹ ਸਿਸਟਮ ਈਰਾਨ ਦੇ ਕਿਸੇ ਵੀ ਸੰਭਾਵਿਤ ਹਮਲੇ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ। ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਸਹਿਯੋਗ ਵਧਾਉਣ ਲਈ ਲਗਾਤਾਰ ਗੱਲਬਾਤ ਹੋ ਰਹੀ ਹੈ ਤਾਂ ਕਿ ਕਿਸੇ ਵੀ ਐਮਰਜੈਂਸੀ 'ਚ ਬਿਹਤਰ ਤਾਲਮੇਲ ਸਥਾਪਤ ਕੀਤਾ ਜਾ ਸਕੇ, ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਈਰਾਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਇਜ਼ਰਾਈਲ ਦਾ ਹਮਲਾ ਸੀਮਤ ਅਤੇ ਟਾਰਗੇਟਿਡ ਹੋਵੇਗਾ ਹੈ ਤਾਂ ਉਹ ਸੰਘਰਸ਼ ਨੂੰ ਅੱਗੇ ਨਹੀਂ ਵਧਾਉਣਾ ਚਾਹੇਗਾ।

ਬ੍ਰਿਟੇਨ ਸਥਿਤ ਸਾਊਦੀ ਅਖਬਾਰ 'ਅਸ਼ਰਕ ਅਲ-ਅਵਾਸਤ' ਦੀ ਰਿਪੋਰਟ ਮੁਤਾਬਕ ਈਰਾਨ ਇਸ ਸਮੇਂ ਜੰਗਬੰਦੀ 'ਚ ਦਿਲਚਸਪੀ ਦਿਖਾ ਸਕਦਾ ਹੈ। ਇਸ ਦੇ ਬਾਵਜੂਦ ਇਜ਼ਰਾਇਲੀ ਸੂਤਰਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਬਿਨਾਂ ਕਿਸੇ ਝਿਜਕ ਦੇ ਵੱਡੇ ਜਵਾਬੀ ਹਮਲੇ ਦੀ ਤਿਆਰੀ ਕਰ ਰਹੇ ਹਨ। ਹੁਣ ਸਭ ਦੀਆਂ ਨਜ਼ਰਾਂ ਇਜ਼ਰਾਈਲ ਦੀ ਸੰਭਾਵਿਤ ਕਾਰਵਾਈ ਅਤੇ ਈਰਾਨ ਦੀ ਪ੍ਰਤੀਕਿਰਿਆ 'ਤੇ ਹਨ, ਜੋ ਖੇਤਰੀ ਸਥਿਰਤਾ ਲਈ ਫੈਸਲਾਕੁੰਨ ਸਾਬਤ ਹੋ ਸਕਦੀਆਂ ਹਨ।


author

Baljit Singh

Content Editor

Related News