ਇਜ਼ਰਾਇਲ ਸੰਸਦੀ ਚੋਣ ਨਤੀਜੇ, ਪੀ.ਐਮ ਨੇਤਨਯਾਹੂ ਦੀ ਪਾਰਟੀ ਦੂਜੀ ਸਭ ਤੋਂ ਵੱਡੀ ਪਾਰਟੀ

09/20/2019 8:33:08 PM

ਯੇਰੂਸ਼ਲਮ (ਏ.ਐਫ.ਪੀ.)- ਇਜ਼ਰਾਇਲ ਵਿਚ ਇਸ ਹਫਤੇ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰੇੜਕਾ ਸ਼ੁਰੂ ਹੋ ਗਿਆ ਹੈ ਕਿਉਂਕਿ ਦੇਸ਼ ਵਿਚ ਸੱਤਾਧਾਰੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਦੱਖਣ ਪੰਥੀ ਲਿਕੁੜ ਪਾਰਟੀ ਦੇਸ਼ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਹੋਵੇਗਾ। ਦੇਸ਼ ਵਿਚ ਮੰਗਲਵਾਰ ਨੂੰ ਹੋਈਆਂ ਆਮ ਚੋਣਾਂ ਦੇ ਲਗਭਗ ਪੂਰਨ ਨਤੀਜੇ ਆਉਣ ਤੋਂ ਬਾਅਦ ਸਾਬਕਾ ਫੌਜ ਮੁਖੀ ਬੇਨੀ ਗੈਂਟਜ਼ ਦੀਆਂ ਮੱਧਮਾਰਗੀ ਬਲੂ ਐਂਡ ਵ੍ਹਾਈਟ ਪਾਰਟੀ ਨੂੰ 120 ਸੀਟਾਂ ਵਾਲੇ ਸਦਨ ਵਿਚ 33 ਸੀਟਾਂ ਮਿਲੀਆਂ ਹਨ।

ਨੇਤਨਯਾਹੂ ਦੀ ਲਿਕੁੜ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ 31 ਸੀਟਾਂ ਮਿਲੀਆਂ ਹਨ। ਪਰ ਬਹੁਮਤ ਗਠਜੋੜ ਬਣਾਉਣ ਲਈ ਦੋਹਾਂ ਕੋਲ ਕੋਈ ਸਪੱਸ਼ਟ ਰਾਸਤਾ ਦਿਖਾਈ ਨਹੀਂ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਸਪੱਸ਼ਟ ਰੂਪ ਨਾਲ ਸਵੀਕਾਰ ਕੀਤਾ ਕਿ ਉਨ੍ਹਾਂ ਦੀਆਂ ਉਮੀਦਾਂ ਦੇ ਉਲਟ ਇਨ੍ਹਾਂ ਨਤੀਜਿਆਂ ਤੋਂ ਉਹ ਦੱਖਣ ਪੰਥੀ ਗਠਜੋੜ ਬਣਾਉਣ ਵਿਚ ਅਸਮਰੱਥ ਹਨ ਅਤੇ ਉਨ੍ਹਾਂ ਨੇ ਗੈਂਟਜ਼ ਤੋਂ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਨਾਲ ਮਿਲ ਕੇ ਸਰਕਾਰ ਦਾ ਗਠਨ ਕਰਨ। ਗੈਂਟਜ਼ ਨੇ ਇਸ ਪੇਸ਼ਕਸ਼ ਦਾ ਇਹ ਕਹਿੰਦੇ ਹੋਏ ਉੱਤਰ ਦਿੱਤਾ ਕਿ ਗਠਜੋੜ ਸਰਕਾਰ ਵਿਚ ਉਹ ਪ੍ਰਧਾਨ ਮੰਤਰੀ ਹੋਣਗੇ ਕਿਉਂਕਿ ਬਲੂ ਐਂਡ ਵ੍ਹਾਈਟ ਦੇਸ਼ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਸ ਰੇੜਕੇ ਨਾਲ ਹਾਲਾਂਕਿ ਦੇਸ਼ ਵਿਚ ਇਕ ਹੋਰ ਚੋਣ ਹੋਣ ਦੀ ਸੰਭਾਵਨਾ ਵਧ ਗਈ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਅਪ੍ਰੈਲ ਤੋਂ ਬਾਅਦ ਇਕ ਸਾਲ ਅੰਦਰ ਇਹ ਤੀਜਾ ਮੌਕਾ ਹੋਵੇਗਾ ਜਦੋਂ ਚੋਣਾਂ ਕਰਵਾਈਆਂ ਜਾਣਗੀਆਂ। ਅਪ੍ਰੈਲ ਵਿਚ ਕਰਵਾਈਆਂ ਗਈਆਂ ਚੋਣਾਂ ਵਿਚ ਵੀ ਕਿਸੇ ਪਾਰਟੀ ਨੂੰ ਜ਼ਰੂਰੀ ਬਹੁਮਤ ਨਹੀਂ ਮਿਲ ਸਕੀ ਸੀ। ਇਜ਼ਰਾਇਲ ਦੇ ਰਾਸ਼ਟਰਪਤੀ ਰਿਯੂਵੇਨ ਰਿਵਲਿਨ ਨੇ ਐਤਵਾਰ ਨੂੰ ਰਾਜਨੀਤਕ ਪਾਰਟੀਆਂ ਦੇ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਸਰਕਾਰ ਬਣਾਉਣ ਲਈ ਕਿਸ ਨੂੰ ਚੁਣਿਆ ਜਾਵੇ। ਇਨ੍ਹਾਂ ਵਿਚ ਸਿਰਫ ਉਨ੍ਹਾਂ ਪਾਰਟੀਆਂ ਦੇ ਨਾਲ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਨੂੰ ਸੰਸਦੀ ਚੋਣਾਂ ਵਿਚ ਵੋਟਾਂ ਮਿਲੀਆਂ ਹਨ। ਇਜ਼ਰਾਇਲ ਦੀ ਚੋਣ ਕਮੇਟੀ ਨੇ ਦੱਸਿਆ ਕਿ ਅੰਤਿਮ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ ਅਤੇ ਉਮੀਦ ਹੈ ਕਿ ਇਸ ਵਿਚ ਕੁਝ ਬਦਲਾਅ ਹੋ ਸਕਦੇ ਹਨ।

ਕਮੇਟੀ ਨੇ ਕਿਹਾ ਕਿ ਇਸ ਨਤੀਜੇ ਵਿਚ 14 ਵੋਟਿੰਗ ਕੇਂਦਰਾਂ ਦੇ ਨਤੀਜੇ ਸ਼ਾਮਲ ਨਹੀਂ ਹਨ ਜਿੱਥੇ ਤਸਦੀਕ ਅਜੇ ਵੀ ਜਾਰੀ ਹੈ। ਇਜ਼ਰਾਇਲ ਦੇ ਮੀਡੀਆ ਮੁਤਾਬਕ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਨ੍ਹਾਂ ਚੋਣਾਂ ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਅਰਬ ਜੁਆਇੰਟ ਲਿਸਟ ਗਠਜੋੜ ਹੈ ਜਿਸ ਨੇ 13 ਸੀਟਾਂ ਜਿੱਤੀਆਂ ਹਨ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਜੇਕਰ ਲਿਕੁਡ ਪਾਰਟੀ ਬਲੂ ਐਂਡ ਵ੍ਹਾਈਟ ਦੇ ਨਾਲ ਮਿਲ ਕੇ ਦੇਸ਼ ਵਿਚ ਗਠਜੋੜ ਸਰਕਾਰ ਬਣਦੀ ਹੈ ਤਾਂ 13 ਸੀਟਾਂ ਵਾਲੀ ਗਠਜੋੜ ਦੇ ਨੇਤਾ ਆਯਮਾਨ ਓਦੇਹ ਦੇਸ਼ ਦੇ ਪਹਿਲੇ ਅਰਬ ਵਿਰੋਧੀ ਧਿਰ ਦੇ ਨੇਤਾ ਬਣਨਗੇ


Sunny Mehra

Content Editor

Related News