ਇਜ਼ਰਾਈਲ ਨੇ ਗਾਜ਼ਾ ਦੇ ਆਲੇ-ਦੁਆਲੇ ਫੌਜਾਂ ਦੀ ਤਾਇਨਾਤੀ ਵਧਾਉਣ ਦਾ ਦਿੱਤਾ ਹੁਕਮ
Wednesday, Feb 12, 2025 - 01:50 PM (IST)
![ਇਜ਼ਰਾਈਲ ਨੇ ਗਾਜ਼ਾ ਦੇ ਆਲੇ-ਦੁਆਲੇ ਫੌਜਾਂ ਦੀ ਤਾਇਨਾਤੀ ਵਧਾਉਣ ਦਾ ਦਿੱਤਾ ਹੁਕਮ](https://static.jagbani.com/multimedia/2024_11image_18_02_480081822netanyahu.jpg)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੌਜ ਨੂੰ ਗਾਜ਼ਾ ਪੱਟੀ ਅਤੇ ਇਸਦੇ ਆਲੇ-ਦੁਆਲੇ ਫੌਜਾਂ ਦੀ ਤਾਇਨਾਤੀ ਵਧਾਉਣ ਦਾ ਹੁਕਮ ਦਿੱਤਾ ਹੈ। ਨੇਤਨਯਾਹੂ ਦਾ ਇਹ ਹੁਕਮ ਕੱਟੜਪੰਥੀ ਸਮੂਹ ਹਮਾਸ ਵੱਲੋਂ ਸ਼ਨੀਵਾਰ ਨੂੰ ਬੰਧਕਾਂ ਦੀ ਪ੍ਰਸਤਾਵਿਤ ਰਿਹਾਈ ਨੂੰ ਮੁਲਤਵੀ ਕਰਨ ਦੀਆਂ ਧਮਕੀਆਂ ਦੇ ਵਿਚਕਾਰ ਆਇਆ ਹੈ। ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਨੇਤਨਯਾਹੂ ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤਾ ਕਿ "ਜੇਕਰ ਹਮਾਸ ਸ਼ਨੀਵਾਰ ਨੂੰ ਬੰਧਕਾਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ।"
ਅਧਿਕਾਰੀ ਦੇ ਅਨੁਸਾਰ, ਨੇਤਨਯਾਹੂ ਨੇ ਮੰਗਲਵਾਰ ਨੂੰ ਹਮਾਸ ਦੀ ਧਮਕੀ ਨੂੰ ਲੈ ਕੇ ਆਪਣੇ ਸੁਰੱਖਿਆ ਮੰਤਰੀ ਮੰਡਲ ਨਾਲ 4 ਘੰਟੇ ਲੰਬੀ ਮੀਟਿੰਗ ਕੀਤੀ। ਹਮਾਸ ਦੀ ਧਮਕੀ ਨੇ ਗਾਜ਼ਾ ਪੱਟੀ ਵਿੱਚ 15 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਇਜ਼ਰਾਈਲ ਅਤੇ ਕੱਟੜਪੰਥੀ ਸਮੂਹ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਸ ਸਮਝੌਤੇ ਦੇ ਤਹਿਤ, ਹਮਾਸ ਹੁਣ ਤੱਕ ਸੈਂਕੜੇ ਫਲਸਤੀਨੀ ਕੈਦੀਆਂ ਦੇ ਬਦਲੇ 21 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ। ਹਾਲਾਂਕਿ, ਸੋਮਵਾਰ ਨੂੰ ਉਸਨੇ ਕਿਹਾ ਕਿ ਸਮਝੌਤੇ ਦੇ ਤਹਿਤ ਗਾਜ਼ਾ ਪੱਟੀ ਨੂੰ ਲੋੜੀਂਦੀ ਰਾਹਤ ਸਪਲਾਈ ਨਹੀਂ ਪਹੁੰਚਾਈ ਜਾਣ ਕਾਰਨ ਉਹ 3 ਹੋਰ ਬੰਧਕਾਂ ਦੀ ਰਿਹਾਈ ਨੂੰ ਟਾਲ ਰਿਹਾ ਹੈ।