ਪਹਿਲੇ ਹੀ ਦਿਨ ਜੰਗਬੰਦੀ ਦੀ ਉਲੰਘਣਾ! ਇਜ਼ਰਾਈਲ-ਲੇਬਨਾਨ ਵਿਚਾਲੇ ਫਿਰ ਤੋਂ ਟਕਰਾਅ

Friday, Nov 29, 2024 - 07:44 PM (IST)

ਪਹਿਲੇ ਹੀ ਦਿਨ ਜੰਗਬੰਦੀ ਦੀ ਉਲੰਘਣਾ! ਇਜ਼ਰਾਈਲ-ਲੇਬਨਾਨ ਵਿਚਾਲੇ ਫਿਰ ਤੋਂ ਟਕਰਾਅ

ਇੰਟਰਨੈਸ਼ਨਲ ਡੈਸਕ : ਜੰਗਬੰਦੀ ਸਮਝੌਤੇ ਤਹਿਤ ਹਿਜ਼ਬੁੱਲਾ ਲੜਾਕਿਆਂ ਅਤੇ ਇਜ਼ਰਾਇਲੀ ਫੌਜ ਨੂੰ 60 ਦਿਨਾਂ ਦੇ ਅੰਦਰ ਦੱਖਣੀ ਲੇਬਨਾਨ ਤੋਂ ਪੂਰੀ ਤਰ੍ਹਾਂ ਪਿੱਛੇ ਹਟਣਾ ਸੀ। ਇਸ ਤੋਂ ਬਾਅਦ ਲੇਬਨਾਨੀ ਫੌਜ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਨੂੰ ਇਲਾਕੇ 'ਚ ਤਾਇਨਾਤ ਕੀਤਾ ਜਾਣਾ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਦੱਖਣੀ ਲੇਬਨਾਨ ਵੱਲ ਜਾ ਰਹੇ ਸ਼ੱਕੀ ਵਾਹਨਾਂ ਦੇ ਕਾਫਲੇ ਨੂੰ ਦੇਖਿਆ, ਜਿਸ ਉੱਤੇ ਹਮਲਾ ਕੀਤਾ ਗਿਆ। ਫੌਜ ਦਾ ਦੋਸ਼ ਹੈ ਕਿ ਹਿਜ਼ਬੁੱਲਾ ਨੇ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜਵਾਬ ਵਿੱਚ, ਉਨ੍ਹਾਂ ਨੇ ਦੱਖਣੀ ਲੇਬਨਾਨ ਦੇ ਕਈ ਖੇਤਰਾਂ 'ਤੇ ਹਮਲਾ ਕੀਤਾ।

ਲੇਬਨਾਨੀ ਫੌਜ ਨੇ ਦੋਸ਼ ਲਾਇਆ ਕਿ ਇਜ਼ਰਾਇਲੀ ਬਲਾਂ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਹਿਜ਼ਬੁੱਲਾ ਦੀ ਕੇਂਦਰੀ ਲੀਡਰਸ਼ਿਪ ਨੇ ਚੇਤਾਵਨੀ ਦਿੱਤੀ ਕਿ ਉਹ ਸਰਹੱਦ ਪਾਰ ਇਜ਼ਰਾਈਲੀ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਜਾਰੀ ਰੱਖਣਗੇ ਅਤੇ ਉਨ੍ਹਾਂ ਦੀਆਂ "ਉਂਗਲਾਂ ਟਰਿੱਗਰ 'ਤੇ ਹਨ"। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੌਜ ਨੂੰ ਕਿਸੇ ਵੀ ਉਲੰਘਣਾ ਦਾ ਤੁਰੰਤ ਜਵਾਬ ਦੇਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਸਨੇ ਕਿਹਾ, "ਜੇ ਹਿਜ਼ਬੁੱਲਾ ਆਪਣੇ ਆਪ ਨੂੰ ਹਥਿਆਰਬੰਦ ਕਰਨ, ਰਾਕੇਟ ਲਾਂਚ ਕਰਨ, ਸੁਰੰਗਾਂ ਪੁੱਟਣ ਜਾਂ ਅੱਤਵਾਦੀ ਢਾਂਚੇ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਹਮਲਾ ਕਰਾਂਗੇ।"

ਇਜ਼ਰਾਈਲ ਤੇ ਹਿਜ਼ਬੁੱਲਾ ਦਰਮਿਆਨ ਇੱਕ ਜੰਗਬੰਦੀ ਸਮਝੌਤਾ ਲਗਭਗ 13 ਮਹੀਨਿਆਂ ਦੀ ਭਿਆਨਕ ਲੜਾਈ ਤੋਂ ਬਾਅਦ ਇਸ ਹਫਤੇ ਲਾਗੂ ਹੋਇਆ ਹੈ। ਇਹ ਸਮਝੌਤਾ ਅਮਰੀਕਾ ਅਤੇ ਲੇਬਨਾਨ ਦੀ ਵਿਚੋਲਗੀ ਨਾਲ ਹੋਇਆ ਹੈ।

ਇਸ ਦੇ ਅਨੁਸਾਰ:
ਹਿਜ਼ਬੁੱਲਾ ਆਪਣੇ ਹਥਿਆਰਾਂ ਨੂੰ ਲਿਤਾਨੀ ਨਦੀ ਦੇ ਉੱਤਰ ਵੱਲ ਲੈ ਜਾਵੇਗਾ।
ਲੇਬਨਾਨੀ ਫੌਜ ਨੂੰ ਇਜ਼ਰਾਇਲੀ ਸਰਹੱਦ ਨੇੜੇ ਤਾਇਨਾਤ ਕੀਤਾ ਜਾਵੇਗਾ।
ਬਦਲੇ 'ਚ ਇਜ਼ਰਾਈਲ ਦੱਖਣੀ ਲੇਬਨਾਨ ਤੋਂ ਆਪਣੀਆਂ ਫੌਜਾਂ ਵਾਪਸ ਲੈ ਲਵੇਗਾ।

ਇਜ਼ਰਾਈਲ ਦਾ ਦਾਅਵਾ
- ਇਜ਼ਰਾਈਲ ਦਾ ਦਾਅਵਾ ਹੈ ਕਿ ਪਿਛਲੇ 14 ਮਹੀਨਿਆਂ ਵਿੱਚ ਉਨ੍ਹਾਂ ਨੇ 12,000 ਤੋਂ ਵੱਧ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਹਨ।
-ਇਸ ਵਿੱਚ 1,600 ਕਮਾਂਡ ਸੈਂਟਰ ਅਤੇ 1,000 ਹਥਿਆਰ ਡਿਪੂ ਸ਼ਾਮਲ ਹਨ।
-IDF ਦੇ ਅਨੁਸਾਰ, ਇਸ ਸਮੇਂ ਦੌਰਾਨ 2,500 ਤੋਂ ਵੱਧ ਹਿਜ਼ਬੁੱਲਾ ਅੱਤਵਾਦੀ ਮਾਰੇ ਗਏ ਸਨ, ਹਾਲਾਂਕਿ ਇਹ ਗਿਣਤੀ 3,500 ਤੱਕ ਹੋ ਸਕਦੀ ਹੈ।

ਸਮਝੌਤੇ 'ਤੇ ਸ਼ੱਕ
ਲੇਬਨਾਨ ਦੇ ਵਿਦੇਸ਼ ਮੰਤਰੀ ਅਬਦੁੱਲਾ ਨੇ ਕਿਹਾ ਕਿ ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਉਨ੍ਹਾਂ ਦੀ ਫੌਜ 5,000 ਫੌਜੀ ਤਾਇਨਾਤ ਕਰਨ ਲਈ ਤਿਆਰ ਹੈ। ਹਿਜ਼ਬੁੱਲਾ ਨੂੰ ਲਿਤਾਨੀ ਨਦੀ ਦੇ ਦੱਖਣ ਵਾਲੇ ਖੇਤਰਾਂ ਵਿੱਚ ਆਪਣੀ ਹਥਿਆਰਬੰਦ ਮੌਜੂਦਗੀ ਨੂੰ ਵੀ ਖਤਮ ਕਰਨਾ ਚਾਹੀਦਾ ਹੈ। ਹਾਲਾਂਕਿ ਇਹ ਸਮਝੌਤਾ ਖੇਤਰ ਵਿੱਚ ਸ਼ਾਂਤੀ ਦੀ ਉਮੀਦ ਪੈਦਾ ਕਰਦਾ ਹੈ, ਪਰ ਇਸਦੀ ਸਥਿਰਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਜ਼ਰਾਈਲ ਨੇ ਜੰਗਬੰਦੀ ਦੇ ਲਾਗੂ ਹੋਣ ਤੋਂ ਦੋ ਦਿਨ ਬਾਅਦ ਹੀ ਲੇਬਨਾਨ 'ਚ ਹਵਾਈ ਹਮਲਾ ਕੀਤਾ।


author

Baljit Singh

Content Editor

Related News