ਇਜ਼ਰਾਈਲ ਨੇ 2 ਬੰਦੀਆਂ ਨੂੰ ਕਰਾਇਆ ਆਜ਼ਾਦ, ਗਾਜ਼ਾ ਹਵਾਈ ਹਮਲੇ ''ਚ ਮਾਰੇ ਗਏ 67 ਫਲਸਤੀਨੀ

Monday, Feb 12, 2024 - 05:26 PM (IST)

ਇਜ਼ਰਾਈਲ ਨੇ 2 ਬੰਦੀਆਂ ਨੂੰ ਕਰਾਇਆ ਆਜ਼ਾਦ, ਗਾਜ਼ਾ ਹਵਾਈ ਹਮਲੇ ''ਚ ਮਾਰੇ ਗਏ 67 ਫਲਸਤੀਨੀ

ਰਫਾਹ/ਗਾਜ਼ਾ ਪੱਟੀ (ਭਾਸ਼ਾ)- ਇਜ਼ਰਾਈਲੀ ਬਲਾਂ ਨੇ ਸੋਮਵਾਰ ਤੜਕੇ ਦੱਖਣੀ ਗਾਜ਼ਾ ਪੱਟੀ ਵਿੱਚ ਇੱਕ ਉੱਚ ਸੁਰੱਖਿਆ ਵਾਲੇ ਅਪਾਰਟਮੈਂਟ 'ਤੇ ਧਾਵਾ ਬੋਲ ਕੇ 2 ਬੰਦੀਆਂ ਨੂੰ ਆਜ਼ਾਦ ਕਰਵਾਇਆ ਅਤੇ ਇੱਕ ਨਾਟਕੀ ਘਟਨਾ ਵਿੱਚ ਗੋਲੀਬਾਰੀ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਤਵਾਦੀ ਸਮੂਹ ਹਮਾਸ ਵੱਲੋਂ ਖੇਤਰ ਵਿੱਚ ਬੰਧਕ ਬਣਾ ਕੇ ਰੱਖੇ ਗਏ 100 ਤੋਂ ਵੱਧ ਬੰਦੀਆਂ ਦੀ ਦੇਸ਼ ਵਾਪਸੀ ਦੀ ਦਿਸ਼ਾ ਵਿਚ ਇਜ਼ਰਾਈਲ ਲਈ ਇਹ ਇੱਕ ਛੋਟੀ ਪਰ ਪ੍ਰਤੀਕਾਤਮਕ ਤੌਰ 'ਤੇ ਮਹੱਤਵਪੂਰਨ ਸਫ਼ਲਤਾ ਹੈ। ਫਲਸਤੀਨੀ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਇਜ਼ਰਾਇਲੀ ਹਵਾਈ ਹਮਲਿਆਂ 'ਚ ਘੱਟੋ-ਘੱਟ 67 ਫਲਸਤੀਨੀ ਮਾਰੇ ਗਏ। ਇਹ ਕਾਰਵਾਈ ਦੱਖਣੀ ਗਾਜ਼ਾ ਸ਼ਹਿਰ ਰਫਾਹ ਵਿੱਚ ਕੀਤੀ ਗਈ ਸੀ, ਜਿੱਥੇ ਹਮਾਸ-ਇਜ਼ਰਾਈਲ ਯੁੱਧ ਕਾਰਨ 14 ਲੱਖ ਫਲਸਤੀਨੀਆਂ ਨੂੰ ਇਲਾਕਾ ਛੱਡ ਕੇ ਕਿਤੇ ਹੋਰ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ਨੇ ਰਿਹਾਅ ਕੀਤੇ 8 ਭਾਰਤੀ ਨਾਗਰਿਕ; ਸੁਣਾਈ ਗਈ ਸੀ ਮੌਤ ਦੀ ਸਜ਼ਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਲਗਾਤਾਰ ਫੌਜੀ ਦਬਾਅ ਨਾਲ ਬੰਦੀਆਂ ਦੀ ਆਜ਼ਾਦੀ ਹੋਵੇਗੀ। ਉਨ੍ਹਾਂ ਨੇ ਸੋਮਵਾਰ ਨੂੰ ਇਸੇ ਗੱਲ ਨੂੰ ਦੁਹਰਾਇਆ, ਹਾਲਾਂਕਿ ਹੋਰ ਉੱਚ ਅਧਿਕਾਰੀਆਂ ਨੇ ਉਨ੍ਹਾਂ ਦੀ ਇਸ ਗੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਝੌਤਾ ਹੀ ਬੰਦੀਆਂ ਦੀ ਸੁਰੱਖਿਅਤ ਰਿਹਾਈ ਨੂੰ ਯਕੀਨੀ ਬਣਾਉਣ ਲਈ ਇੱਕੋ ਇੱਕ ਤਰੀਕਾ ਹੈ। ਇਜ਼ਰਾਈਲ ਨੇ ਰਫਾਹ ਨੂੰ ਗਾਜ਼ਾ ਵਿੱਚ ਹਮਾਸ ਦਾ ਆਖਰੀ ਬਚਿਆ ਹੋਇਆ ਗੜ੍ਹ ਦੱਸਿਆ ਹੈ ਅਤੇ ਸੰਕੇਤ ਦਿੱਤਾ ਹੈ ਕਿ ਉਸ ਦਾ ਜ਼ਮੀਨੀ ਹਮਲਾ ਜਲਦੀ ਹੀ ਸੰਘਣੀ ਆਬਾਦੀ ਵਾਲੇ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦਾ ਹੈ। ਅਮਰੀਕਾ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਨੇਤਨਯਾਹੂ ਨੂੰ ਚੇਤਾਵਨੀ ਦਿੱਤੀ ਸੀ ਕਿ ਇਜ਼ਰਾਈਲ ਨੂੰ ਨਾਗਰਿਕਾਂ ਦੀ ਸੁਰੱਖਿਆ ਲਈ "ਭਰੋਸੇਯੋਗ ਅਤੇ ਉਚਿਤ" ਯੋਜਨਾ ਦੇ ਬਿਨਾਂ ਰਫਾਹ ਵਿੱਚ ਹਮਾਸ ਦੇ ਵਿਰੁੱਧ ਫੌਜੀ ਕਾਰਵਾਈ ਨਹੀਂ ਸ਼ੁਰੂ ਕਰਨੀ ਚਾਹੀਦੀ।

 ਇਹ ਵੀ ਪੜ੍ਹੋ: ਬਲਾਤਕਾਰੀਆਂ ਦੀ ਹੁਣ ਖੈਰ ਨਹੀਂ, ਪਾਸ ਹੋਇਆ ਅਹਿਮ ਕਾਨੂੰਨ, ਦੋਸ਼ੀਆਂ ਨੂੰ ਮਿਲੇਗੀ ਇਹ ਸਜ਼ਾ

ਫੌਜ ਨੇ ਛੁਡਾਏ ਗਏ ਬੰਦੀਆਂ ਦੀ ਪਛਾਣ ਫਰਨਾਂਡੋ ਸਾਈਮਨ ਮਾਰਮਨ (60) ਅਤੇ ਲੇਵਿਸ ਹਾਰ (70) ਵਜੋਂ ਕੀਤੀ ਹੈ, ਜਿਨ੍ਹਾਂ ਨੂੰ ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਸਰਹੱਦ ਪਾਰ ਤੋਂ ਹੋਏ ਹਮਲੇ ਵਿੱਚ ਕਿਬਬੁਟਜ਼ ਨੀਰ ਯਿਤਜ਼ਾਕ ਤੋਂ ਅਗਵਾ ਕਰ ਲਿਆ ਸੀ। ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਕੋਲ ਅਰਜਨਟੀਨਾ ਦੀ ਨਾਗਰਿਕਤਾ ਵੀ ਹੈ। ਨੇਤਨਯਾਹੂ ਨੇ ਇਕ ਬਿਆਨ 'ਚ ਕਿਹਾ, ''ਜਦੋਂ ਤੱਕ ਪੂਰੀ ਜਿੱਤ ਹਾਸਲ ਨਹੀਂ ਹੋ ਜਾਂਦੀ ਉਦੋਂ ਤੱਕ ਫੌਜੀ ਦਬਾਅ ਜਾਰੀ ਰੱਖਣਾ ਹੀ ਸਾਡੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਸਕਦਾ ਹੈ।'' ਫੌਜ ਦੇ ਬੁਲਾਰੇ ਡੇਨੀਅਲ ਹਗਾਰੀ ਨੇ ਕਿਹਾ ਕਿ ਰਫਾਹ 'ਚ ਇਕ ਅਪਾਰਟਮੈਂਟ ਦੀ ਦੂਜੀ ਮੰਜ਼ਿਲ 'ਤੇ ਬੰਦੀਆਂ ਨੂੰ ਰੱਖਿਆ ਗਿਆ ਸੀ ਅਤੇ ਹਮਾਸ ਦੇ ਬੰਦੂਕਧਾਰੀ ਉਸ ਅਪਾਰਟਮੈਂਟ ਅਤੇ ਨੇੜੇ ਦੀਆਂ ਇਮਾਰਤਾਂ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸੁਰੱਖਿਆ ਬਲ ਦੇਰ ਰਾਤ 1:49 'ਤੇ ਗੋਲੀਬਾਰੀ ਦੌਰਾਨ ਰਫਾਹ ਸਥਿਤ ਅਪਾਰਟਮੈਂਟ ਦੀ ਦੂਜੀ ਮੰਜ਼ਿਲ 'ਤੇ ਪਹੁੰਚਿਆ। ਇੱਕ ਮਿੰਟ ਬਾਅਦ ਆਸਪਾਸ ਦੇ ਇਲਾਕਿਆਂ ਵਿੱਚ ਹਵਾਈ ਹਮਲੇ ਹੋਏ। ਉਨ੍ਹਾਂ ਕਿਹਾ ਕਿ ਬੰਦੀਆਂ ਨੂੰ ਨੇੜਲੇ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ ਅਤੇ ਤੁਰੰਤ ਡਾਕਟਰੀ ਜਾਂਚ ਕਰਵਾਈ ਗਈ ਅਤੇ ਉਨ੍ਹਾਂ ਨੂੰ ਜਹਾਜ਼ ਰਾਹੀਂ ਮੱਧ ਇਜ਼ਰਾਈਲ ਦੇ ਸ਼ਬਾ ਮੈਡੀਕਲ ਸੈਂਟਰ ਭੇਜਿਆ ਗਿਆ। ਉਨ੍ਹਾਂ ਦੀ ਸਿਹਤ ਬਿਹਤਰ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਇੱਕ ਮਹਿਲਾ ਸਿਪਾਹੀ ਨੂੰ ਬਚਾਇਆ ਗਿਆ ਸੀ। ਇਜ਼ਰਾਇਲੀ ਫੌਜ ਦੇ ਹਵਾਈ ਹਮਲੇ ਦੌਰਾਨ ਰਾਤ ਕਰੀਬ 2 ਵਜੇ ਰਫਾਹ 'ਚ ਦਰਜਨਾਂ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਵਿੱਚ ਸਿਹਤ ਮੰਤਰਾਲਾ ਦੇ ਬੁਲਾਰੇ ਅਸ਼ਰਫ ਅਲ-ਕਿਦਰਾ ਨੇ ਕਿਹਾ ਕਿ ਹਮਲਿਆਂ ਵਿੱਚ ਘੱਟੋ-ਘੱਟ 67 ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ: ਵੈਲੇਨਟਾਈਨ ਡੇਅ 'ਤੇ ਨਿਰਾਸ਼ ਪ੍ਰੇਮੀਆਂ ਲਈ ਖ਼ਾਸ ਆਫਰ; ਕਾਕਰੋਚ ਤੇ ਚੂਹੇ ਨੂੰ ਦਿਓ ਆਪਣੇ Ex ਦਾ ਨਾਮ ਅਤੇ ਫਿਰ...

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News