ਗਾਜ਼ਾ ’ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਇਜ਼ਰਾਈਲ : ਨੇਤਨਯਾਹੂ
Saturday, Aug 09, 2025 - 12:17 AM (IST)

ਯੇਰੂਸ਼ਲਮ (ਭਾਸ਼ਾ) -ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਗਾਜ਼ਾ ’ਤੇ ਕਬਜ਼ਾ ਜਾਂ ਉਸ ਦਾ ਰਲੇਵਾਂ ਨਹੀਂ ਕਰਨਾ ਚਾਹੁੰਦਾ। ਇਜ਼ਰਾਈਲ ਦਾ ਇਕੋ-ਇਕ ਮਕਸਦ ਹਮਾਸ ਨੂੰ ਖਤਮ ਕਰਨਾ ਅਤੇ ਇਸ ਖੇਤਰ ਨੂੰ ਇਕ ਸਥਾਈ ਸਰਕਾਰ ਨੂੰ ਸੌਂਪਣਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਜਲਦੀ ਤੋਂ ਜਲਦੀ ਯੁੱਧ ਖਤਮ ਕਰਨਾ ਚਾਹੁੰਦਾ ਹੈ।
ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਨੂੰ 20 ਲੱਖ ਟਨ ਤੋਂ ਵੱਧ ਭੋਜਨ ਵਸਤੂਆਂ ਭੇਜੀਆਂ ਗਈਆਂ ਸਨ ਪਰ ਸਪਲਾਈ ਬੰਦ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਇਹ ਟਿੱਪਣੀ ਗਾਜ਼ਾ ਵਿਚ ਮਨੁੱਖੀ ਸੰਕਟ ਨੂੰ ਲੈ ਕੇ ਆਪਣੀ ਸਰਕਾਰ ਦੀ ਵਧਦੀ ਅੰਤਰਰਾਸ਼ਟਰੀ ਆਲੋਚਨਾ ਦੇ ਵਿਚਕਾਰ ਕੀਤੀ। ਪਿਛਲੇ 22 ਮਹੀਨਿਆਂ ਵਿਚ ਗਾਜ਼ਾ ਵਿਚ ਇਜ਼ਰਾਈਲ ਦੇ ਫੌਜੀ ਹਮਲਿਆਂ ਵਿਚ ਲਗਭਗ 60,000 ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਹਮਾਸ ਦੇ ਹਮਲੇ ਵਿਚ 1,200 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ 7 ਅਕਤੂਬਰ 2023 ਨੂੰ ਗਾਜ਼ਾ ’ਚ ਯੁੱਧ ਸ਼ੁਰੂ ਕੀਤਾ ਸੀ।
ਇਸ ਦੌਰਾਨ ਨੇਤਨਯਾਹੂ ਨੇ ਇਹ ਵੀ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਨੀਂਹ ਬਹੁਤ ਮਜ਼ਬੂਤ ਹੈ ਅਤੇ ਦੋਵਾਂ ਦੇਸ਼ਾਂ ਨੂੰ ਟੈਰਿਫ ਮੁੱਦੇ ਨੂੰ ਹੱਲ ਕਰਨ ਲਈ ਸਾਂਝੇ ਆਧਾਰ ਲੱਭਣੇ ਚਾਹੀਦੇ ਹਨ।