ਇਜ਼ਰਾਈਲ ਨੇ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਕੀਤੀ ਏਅਰ ਸਟ੍ਰਾਈਕ
Friday, Nov 07, 2025 - 11:34 AM (IST)
ਤੇਲ ਅਵੀਵ (ਇੰਟ.)- ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਤਣਾਅ ਇਕ ਵਾਰ ਫਿਰ ਸਿਖਰ ’ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਇਜ਼ਰਾਈਲੀ ਫੌਜ ਨੇ ਸਾਊਥ ਲਿਬਨਾਨ ’ਚ ਹਿਜ਼ਬੁੱਲਾ ਦੇ ਕਈ ਫੌਜੀ ਟਿਕਾਣਿਆਂ ’ਤੇ ਭਾਰੀ ਹਵਾਈ ਹਮਲੇ ਕੀਤੇ। ਇਹ ਕਾਰਵਾਈ ਉਸ ਸਮੇਂ ਹੋਈ, ਜਦੋਂ ਇਜ਼ਰਾਈਲ ਨੇ ਇਲਾਕੇ ਦੇ ਵਸਨੀਕਾਂ ਨੂੰ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਦਿੱਤੀ ਸੀ ਕਿ ਉਹ ਆਪਣੇ ਘਰਾਂ ਨੂੰ ਖਾਲੀ ਕਰ ਦੇਣ। ਇਜ਼ਰਾਈਲੀ ਫੌਜ ਦੇ ਅਰਬੀ ਬੁਲਾਰੇ ਅਵਿਚਾਈ ਅਦਰਾਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਆਈ. ਡੀ. ਐੱਫ. ਨੇ ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਫੌਜੀ ਟਿਕਾਣਿਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਇਸਦੇ ਨਾਲ ਹੀ ਉਨ੍ਹਾਂ ਇਕ ਨਕਸ਼ਾ ਜਾਰੀ ਕਰਦੇ ਹੋਏ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕ ਤੁਰੰਤ 500 ਮੀਟਰ ਤੱਕ ਦਾ ਖੇਤਰ ਖਾਲੀ ਕਰ ਦੇਣ। ਇਜ਼ਰਾਈਲ ਨੇ ਜਿਨ੍ਹਾਂ 3 ਪਿੰਡਾਂ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ, ਉਨ੍ਹਾਂ ’ਚ ਤੈਬੇਹ, ਤੈਰ ਡੇਬਾ ਅਤੇ ਆਈਤਾ ਅਲ-ਜਬਲ (ਅਲ-ਜੁਤ) ਸ਼ਾਮਲ ਹਨ। ਅਦਰਾਈ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ’ਚ ਹਿਜ਼ਬੁੱਲਾ ਦੀਆਂ ਫੌਜੀ ਗਤੀਵਿਧੀਆਂ ਕਾਰਨ ਆਮ ਨਾਗਰਿਕਾਂ ਦੀ ਸੁਰੱਖਿਆ ਖਤਰੇ ’ਚ ਹੈ, ਇਸ ਲਈ ਸਾਰਿਆਂ ਨੂੰ ਤੁਰੰਤ ਸੁਰੱਖਿਅਤ ਦੂਰੀ ਬਣਾ ਲੈਣੀ ਚਾਹੀਦੀ ਹੈ।
ਇਸ ਦੌਰਾਨ ਹਿਜ਼ਬੁੱਲਾ ਨੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ। ਸਮੂਹ ਦੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਅਮਰੀਕਾ ਅਤੇ ਮਿਸਰ ਵੱਲੋਂ ਲਿਬਨਾਨ ’ਤੇ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਸ਼ੁਰੂ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ ਪਰ ਸੰਗਠਨ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਗੱਲਬਾਤ ਦਾ ਹਿੱਸਾ ਨਹੀਂ ਬਣੇਗਾ।
