ਇਜ਼ਰਾਈਲ ''ਚ ਮੱਚੀ ਭਾਜੜ ਦੌਰਾਨ ਮਾਰੇ ਗਏ ਦਰਜਨਾਂ ਲੋਕਾਂ ''ਚ ਬ੍ਰਿਟਿਸ਼ ਵਿਅਕਤੀ ਵੀ ਸ਼ਾਮਲ

Tuesday, May 04, 2021 - 02:08 PM (IST)

ਇਜ਼ਰਾਈਲ ''ਚ ਮੱਚੀ ਭਾਜੜ ਦੌਰਾਨ ਮਾਰੇ ਗਏ ਦਰਜਨਾਂ ਲੋਕਾਂ ''ਚ ਬ੍ਰਿਟਿਸ਼ ਵਿਅਕਤੀ ਵੀ ਸ਼ਾਮਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਦੇ ਵਿਦੇਸ਼ੀ ਦਫ਼ਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਉੱਤਰ-ਪੂਰਬੀ ਇਜ਼ਰਾਇਲ ਵਿਚ ਇਕ ਧਾਰਮਿਕ ਤਿਉਹਾਰ 'ਚ ਮੱਚੀ ਭਾਜੜ ਦੌਰਾਨ ਤਕਰੀਬਨ 45 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਮ੍ਰਿਤਕਾਂ ਵਿਚ ਇਕ 24 ਸਾਲਾ ਬ੍ਰਿਟਿਸ਼ ਵਿਅਕਤੀ ਵੀ ਸ਼ਾਮਲ ਸੀ।

ਮਾਊਂਟ ਮੈਰੋਂ ਵਿਚ ਹੋਏ ਹਾਦਸੇ ਵਿਚ ਮਰਨ ਵਾਲੇ ਬ੍ਰਿਟਿਸ਼ ਵਿਅਕਤੀ ਦਾ ਨਾਮ ਮੋਸ਼ੇ ਬਰਗਮੈਨ ਦੱਸਿਆ ਜਾ ਰਿਹਾ ਹੈ ਅਤੇ ਉਹ ਮਾਨਚੈਸਟਰ ਨਾਲ ਸਬੰਧਿਤ ਹੈ। ਉਹ ਇਜ਼ਰਾਈਲ ਵਿਚ ਪੜ੍ਹ ਰਿਹਾ ਸੀ ਅਤੇ ਉਹ ਆਪਣੀ ਪਤਨੀ ਨਾਲ 18 ਮਹੀਨਿਆਂ ਤੋਂ ਉਥੇ ਰਹਿ ਰਿਹਾ ਸੀ। ਇਜ਼ਰਾਈਲ ਵਿਚ ਇਹ ਮਾਰੂ ਭਾਜੜ ਉਦੋਂ ਹੋਈ ਜਦੋਂ ਸੈਂਕੜੇ ਲੋਕਾਂ ਨੇ ਲਾਗ ਬਾਓਮਰ ਧਾਰਮਿਕ ਤਿਉਹਾਰ ਦੌਰਾਨ ਪਹਾੜ ਤੋਂ ਹੇਠਾਂ ਆਉਂਦੇ ਇਕ ਰਸਤੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਲਗਭਗ 100,000 ਯਹੂਦੀ ਸ਼ਾਮਲ ਹੋਏ ਸਨ।

ਇਸ ਦੌਰਾਨ ਰਸਤੇ ਦੇ ਅਖੀਰ ਨੇੜੇ ਲੋਕ ਇਕ-ਦੂਜੇ ਦੇ ਉਪਰ ਡਿੱਗਣੇ ਸ਼ੁਰੂ ਹੋ ਗਏ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਘਟਨਾ ਨੂੰ ਇਜ਼ਰਾਈਲ 'ਚ ਸਭ ਤੋਂ ਭਿਆਨਕ ਆਫ਼ਤਾਂ ਵਿਚੋਂ ਇਕ ਦੱਸਿਆ ਅਤੇ ਜਾਂਚ ਸ਼ੁਰੂ ਕਰਨ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਬਰਤਾਨੀਆ ਦੀ ਮਹਾਰਾਣੀ ਨੇ ਇਜ਼ਰਾਈਲੀ ਰਾਸ਼ਟਰਪਤੀ ਰੀਉਵੇਨ ਰਿਵਲਿਨ ਨਾਲ ਸੋਗ ਪ੍ਰਗਟ ਕੀਤਾ। ਇਜ਼ਰਾਈਲ ਵਿਚ ਕੋਵਿਡ -19 ਦੀਆਂ ਬਹੁਤੀਆਂ ਪਾਬੰਦੀਆਂ ਹਟਾਉਣ ਤੋਂ ਬਾਅਦ ਇਹ ਤਿਉਹਾਰ ਪਹਿਲਾ ਵੱਡਾ ਧਾਰਮਿਕ ਇਕੱਠ ਸੀ।


author

cherry

Content Editor

Related News