ਇਜ਼ਰਾਈਲ : ਰਾਕੇਟ ਹਮਲੇ ''ਚ ਭਾਰਤੀ ਔਰਤ ਦੀ ਮੌਤ, ਐਮਰਜੈਂਸੀ ਲਾਗੂ
Wednesday, May 12, 2021 - 10:07 AM (IST)
ਯੇਰੂਸ਼ਲਮ (ਭਾਸ਼ਾ): ਗਾਜ਼ਾ ਤੋਂ ਫਿਲਸਤੀਨੀ ਕੱਟੜਪੰਥੀਆਂ ਦੇ ਰਾਕੇਟ ਹਮਲੇ ਵਿਚ ਇਜ਼ਰਾਈਲ ਵਿਚ 30 ਸਾਲਾ ਭਾਰਤੀ ਔਰਤ ਦੀ ਮੌਤ ਹੋ ਗਈ। ਕੇਰਲ ਦੇ ਇਡੁਕੀ ਜ਼ਿਲ੍ਹੇ ਦੀ ਰਹਿਣ ਵਾਲੀ ਸੌਮਯਾ ਸੰਤੋਸ਼ ਇਜ਼ਰਾਈਲ ਦੇ ਅਸ਼ਕੇਲਾਨ ਤੱਟੀ ਸ਼ਹਿਰ ਦੇ ਇਕ ਘਰ ਵਿਚ ਇਕ ਬਜ਼ੁਰਗ ਔਰਤ ਦੀ ਦੇਖਭਾਲ ਦਾ ਕੰਮ ਕਰਦੀ ਸੀ। ਗਾਜ਼ਾ ਪੱਟੀ ਦੀ ਸਰਹੱਦ ਨਾਲ ਲੱਗੇ ਅਸ਼ਕੇਲਾਨ ਵਿਚ ਫਿਲਸਤੀਨੀ ਕੱਟੜਪੰਥੀਆਂ ਨੇ ਹਮਲਾ ਕੀਤਾ। ਗਾਜ਼ਾ ਦੇ ਕੱਟੜਪੰਥੀਆਂ ਨੇ ਸੋਮਵਾਰ ਸ਼ਾਮ ਤੋਂ ਇਜ਼ਰਾਈਲ 'ਤੇ ਸੈਂਕੜੇ ਰਾਕੇਟ ਦਾਗੇ ਅਤੇ ਮੰਗਲਵਾਰ ਰਾਤ 9 ਵਜੇ ਤੱਕ (ਸਥਾਨਕ ਸਮੇਂ ਮੁਤਾਬਕ) ਹਿੰਸਾ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ।ਇਸ ਦੌਰਾਨ ਲਾਡ ਸ਼ਹਿਰ ਵਿਚ ਹਿੰਸਾ ਨੂੰ ਦੇਖਦੇ ਹੋਏ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਹਮਾਸ ਅਤੇ ਇਸਲਾਮਿਕ ਜਿਹਾਦ ਨੂੰ ਨਿਸ਼ਾਨਾ ਬਣਾ ਕੇ ਸੈਂਕੜੇ ਹਵਾਈ ਹਮਲੇ ਕੀਤੇ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਫਿਲਸਤੀਨੀ ਕੱਟੜਪੰਥੀਆ ਦੇ ਹਮਲੇ ਵਿਚ ਮਾਰੀ ਗਈ ਭਾਰਤੀ ਔਰਤ ਪਿਛਲੇ 7 ਸਾਲ ਤੋਂ ਇਜ਼ਰਾਈਲ ਵਿਚ ਰਹਿ ਰਹੀ ਸੀ ਅਤੇ ਉਸ ਦਾ 9 ਸਾਲ ਦਾ ਬੇਟਾ ਹੈ ਜੋ ਉਸ ਦੇ ਪਤੀ ਕੋਲ ਕੇਰਲ ਵਿਚ ਰਹਿੰਦਾ ਹੈ। ਸਥਾਨਕ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਔਰਤ ਜਿਸ 80 ਸਾਲਾ ਬਜ਼ੁਰਗ ਔਰਤ ਦੀ ਦੇਖਭਾਲ ਕਰਦੀ ਸੀ ਉਹ ਘਰ 'ਤੇ ਸਿੱਧੇ ਡਿੱਗੇ ਰਾਕੇਟ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਚੈਨਲ 12 ਨੇ ਦੱਸਿਆ ਕਿ ਰਾਕੇਟ ਹਮਲੇ ਦੀ ਸਥਿਤੀ ਵਿਚ ਰੱਖਿਆ ਲਈ ਆਸਰਾ ਸਥਲ ਔਰਤ ਦੇ ਘਰ ਤੋਂ ਇਕ ਮਿੰਟ ਦੀ ਦੂਰੀ 'ਤੇ ਹੈ ਪਰ ਉਹ ਸਮੇਂ ਸਿਰ ਉੱਥੇ ਨਹੀਂ ਪਹੁੰਚ ਸਕੀ।
ਪੜ੍ਹੋ ਇਹ ਅਹਿਮ ਖਬਰ-ਇਜ਼ਰਾਈਲ ਨੇ ਨਿਭਾਈ ਦੋਸਤੀ, ਮੈਡੀਕਲ ਉਪਕਰਨਾਂ ਦੀ ਤੀਜੀ ਖੇਪ ਪਹੁੰਚੀ ਭਾਰਤ
ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਮਲੇ ਦੌਰਾਨ 'ਆਇਰਨ ਡੋਮ' ਬੈਟਰੀ (ਹਰੇਕ ਮੌਸਮ ਵਿਚ ਕਾਰਗਰ ਹਵਾ ਰੱਖਿਆ ਪ੍ਰਣਾਲੀ, ਜੋ ਘੱਟ ਦੂਰੀ ਦੇ ਰਾਕੇਟ ਵਿਚਕਾਰ ਰੋਕ ਕੇ ਨਸ਼ਟ ਕਰ ਦਿੰਦੀ ਹੈ) ਵਿਚ ਤਕਨੀਕੀ ਖਰਾਬੀ ਆ ਜਾਣ ਨਾਲ ਉਹ ਕੁਝ ਰਾਕੇਟਾਂ ਨੂੰ ਰੋਕ ਨਹੀਂ ਪਾਈ ਅਤੇ ਇਸੇ ਕਾਰਨ ਲੋਕ ਜ਼ਖਮੀ ਹੋਏ। ਅਸ਼ਕੇਲਾਨ ਦੇ ਮੇਅਰ ਟੋਮਰ ਗਲੈਮ ਨੇ ਦੱਸਿਆ ਕਿ ਇਲਾਕੇ ਦੇ ਕਰੀਬ 25 ਫੀਸਦੀ ਵਸਨੀਕਾਂ ਕੋਲ ਰਾਕੇਟ ਹਮਲੇ ਦੀ ਸਥਿਤੀ ਵਿਚ ਕਿਸੇ ਸੁਰੱਖਿਅਤ ਜਗ੍ਹਾ ਦੀ ਸਹੂਲਤ ਨਹੀਂ ਹੈ। ਉਹਨਾਂ ਨੇ ਕਿਹਾ,''ਜਦੋਂ ਸਧਾਰਨ ਜੀਵਨ ਮਿੰਟਾਂ ਵਿਚ ਐਮਰਜੈਂਸੀ ਸਥਿਤੀ ਬਣ ਜਾਵੇ ਤਾਂ ਸੁਰੱਖਿਅਤ ਸਥਾਨ 'ਤੇ ਪਹੁੰਚਣਾ ਅਸੰਭਵ ਹੋ ਜਾਂਦਾ ਹੈ।''
ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਰੌਨਮਾਲਕਾ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਮੈਂ ਇਜ਼ਰਾਈਲ ਵੱਲੋਂ ਸੌਮਯਾ ਸੰਤੋਸ਼ ਦੇ ਪਰਿਵਾਰ ਦੇਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ, ਜਿਹਨਾਂ ਦੀ ਬੇਕਸੂਰ ਲੋਕਾਂ 'ਤੇ ਕੀਤੇ ਗਏ ਹਮਾਸ ਦੇ ਅੱਤਵਾਦੀ ਹਮਲੇ ਵਿਚ ਮੌਤ ਹੋ ਗਈ।'' ਕੇਰਲ ਵਿਚ ਸੌਮਯਾ ਦੇ ਪਰਿਵਾਰ ਨੇ ਦੱਸਿਆ ਜਦੋਂ ਹਮਲਾ ਹੋਇਆ ਉਸ ਸਮੇਂ ਉਹ ਆਪਣੇ ਪਤੀ ਸੰਤੋਸ਼ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕਰ ਰਹੀ ਸੀ। ਸੰਤੋਸ਼ ਦੇ ਭਰਾ ਸਾਜੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ ਕਿ ਮੇਰੇ ਭਰਾ ਨੇ ਵੀਡੀਓ ਕਾਲ ਦੌਰਾਨ ਇਕ ਜ਼ੋਰਦਾਰ ਆਵਾਜ਼ ਸੁਣੀ ਅਤੇ ਅਚਾਨਕ ਫੋਨ ਕੱਟਿਆ ਗਿਆ। ਇਸ ਮਗਰੋਂ ਅਸੀਂ ਉੱਥੇ ਮਲਯਾਲੀ ਦੋਸਤਾਂ ਨੂੰ ਫੋਨ ਕੀਤਾ। ਉਦੋਂ ਸਾਨੂੰ ਹਮਲੇ ਦੇ ਬਾਰੇ ਵਿਚ ਪਤਾ ਚੱਲਿਆ। ਕੇਰਲ ਦੇ ਨਵੇਂ ਚੁਣੇ ਗਏ ਵਿਧਾਇਕ ਮਣੀ ਸੀ ਕੱਪਨ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਹਜ਼ਾਰਾਂ ਕੇਰਲ ਵਸਨੀਕ ਇਜ਼ਰਾਈਲ ਵਿਚ ਡਰ ਦੇ ਮਾਹੌਲ ਵਿਚ ਜੀਅ ਰਹੇ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਇਸ ਸੰਬੰਧ ਵਿਚ ਦਖਲ ਅੰਦਾਜ਼ੀ ਕਰਨ ਦੀ ਅਪੀਲ ਕੀਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।