ਭ੍ਰਿਸ਼ਟਾਚਾਰ ਦੇ ਮੁਕੱਦਮੇ ''ਚ ਨੇਤਨਯਾਹੂ ਅਦਾਲਤ ''ਚ ਹੋਣਗੇ ਪੇਸ਼

Sunday, May 24, 2020 - 06:01 PM (IST)

ਯੇਰੂਸ਼ਲਮ (ਬਿਊਰੋ): ਹਾਲ ਹੀ ਵਿਚ ਅਹੁਦਾ ਸੰਭਾਲਣ ਵਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਵਿਰੁੱਧ ਐਤਵਾਰ ਨੂੰ ਭ੍ਰਿਸ਼ਟਾਚਾਰ ਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਰਹੀ ਹੈ। ਇਹ ਇਜ਼ਰਾਈਲ ਵਿਚ ਅਹੁਦੇ 'ਤੇ ਮੌਜੂਦ ਕਿਸੇ ਵੀ ਪ੍ਰਧਾਨ ਮੰਤਰੀ ਦੇ ਵਿਰੁੱਧ ਪਹਿਲੀ ਅਪਰਾਧਿਕ ਕਾਰਵਾਈ ਹੋਵੇਗੀ। ਨੇਤਨਯਾਹੂ ਯੇਰੂਸ਼ਲਮ ਦੀ ਅਦਾਲਤ ਵਿਚ ਮੁਕੱਦਮੇ ਦੀ ਸ਼ੁਰੂਆਤੀ ਸੁਣਵਾਈ ਵਿਚ ਮੌਜੂਦ ਹੋਣਗੇ। ਉਹਨਾਂ 'ਤੇ ਧੋਖਾਧੜੀ, ਵਿਸ਼ਵਾਸ ਭੰਗ ਅਤੇ ਰਿਸ਼ਵਤ ਲੈਣ ਦੇ ਤਿੰਨ ਵੱਖ-ਵੱਖ ਮਾਮਲੇ ਹਨ।

ਨੇਤਨਯਾਹੂ ਨੇ ਕਹੀ ਇਹ ਗੱਲ
ਲੰਬੇ ਰਾਜਨੀਤਕ ਗਤੀਰੋਧ ਦੇ ਬਾਅਦ ਅਹੁਦਾ ਸੰਭਾਲਣ ਵਾਲੇ ਨੇਤਨਯਾਹੂ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਮੀਡੀਆ ਅਤੇ ਕਾਨੂੰਨੀ ਏਜੰਸੀਆਂ ਦੀ ਸ਼ਰਾਰਤ ਕਹਿ ਕੇ ਖਾਰਿਜ ਕੀਤਾ ਹੈ। ਨੇਤਨਯਾਹੂ ਅਤੇ ਉਹਨਾਂ ਦੇ ਸਾਥੀਆਂ ਨੇ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਣਾਲੀ 'ਤੇ ਮਹੀਨਿਆਂ ਤੱਕ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹਨਾਂ 'ਤੇ ਦੋਸ਼ ਲਗਾਏ ਜਾਣ ਨਾਲ ਦੇਸ਼ ਵਿਚ ਫੁੱਟ ਪਈ ਹੈ। ਉੱਧਰ ਪੁਲਸ ਨੂੰ ਪੂਰਬੀ ਯੇਰੂਸ਼ਲਮ ਦੀ ਜ਼ਿਲ੍ਹਾ ਅਦਾਲਤ ਦੇ ਨੇੜੇ ਪ੍ਰਧਾਨ ਮੰਤਰੀ ਦੇ ਸਮਰਥਨ ਅਤੇ ਵਿਰੋਧ ਵਿਚ ਪ੍ਰਦਰਸ਼ਨ ਹੋਣ ਦੀ ਪੂਰੀ ਆਸ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਅਮਰੀਕਾ ਦਾ ਬੁਰਾ ਹਾਲ, ਟਰੰਪ ਗੋਲਫ ਖੇਡਣ 'ਚ ਮਸਤ, ਬਿਡੇਨ ਨੇ ਵਿੰਨ੍ਹਿਆ ਨਿਸ਼ਾਨਾ

ਸਰਕਾਰ ਗਠਨ ਦੇ ਬਾਅਦ ਪੇਸ਼ੀ
ਉਕਤ ਅਦਾਲਤ ਵਿਚ ਨੇਤਨਯਾਹੂ ਵਿਰੁੱਧ ਮੁਕੱਦਮੇ ਦੀ ਸੁਣਵਾਈ ਹੋਵੇਗੀ। ਨੇਤਨਯਾਹੂ ਦੀ ਲਿਕੁਡ ਪਾਰਟੀ ਦੇ ਕਈ ਮੰਤਰੀਆਂ ਅਤੇ ਨੇਤਾਵਾਂ ਨੇ ਕਿਹਾ ਕਿ ਉਹ ਅਦਾਲਤ ਵਿਚ ਪ੍ਰਧਾਨ ਮੰਤਰੀ ਦੇ ਸਮਰਥਨ ਵਿਚ ਮੌਜੂਦ ਰਹਿਣਗੇ। ਖਾਸ ਗੱਲ ਇਹ ਹੈ ਕਿ ਇਹਨਾਂ ਮੰਤਰੀਆਂ ਵਿਚ ਉਹ ਮੰਤਰੀ ਵੀ ਸ਼ਾਮਲ ਹਨ ਜਿਹਨਾਂ 'ਤੇ ਪੁਲਸ ਵਿਭਾਗ ਦੀ ਜ਼ਿੰਮੇਵਾਰੀ ਹੈ। ਕਰੀਬ ਇਕ ਸਾਲ ਤੱਕ ਚੱਲੀ ਰਾਜਨੀਤਕ ਅਸਥਿਰਤਾ ਅਤੇ 3 ਚੋਣਾਂ ਦੇ ਬਾਅਦ ਹਾਲ ਹੀ ਬਣੀ ਗਠਜੋੜ ਸਰਕਾਰ ਦੇ ਬਾਅਦ ਨੇਤਨਯਾਹੂ ਦੀ ਇਹ ਪੇਸ਼ੀ ਹੋ ਰਹੀ ਹੈ। ਮੁਕੱਦਮਾ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਨਵੀਂ ਸਰਕਾਰ ਦੀ ਕੈਬਨਿਟ ਦੀ ਪਹਿਲੀ ਬੈਠਕ ਵੀ ਹੋਣੀ ਹੈ। ਨੇਤਨਯਾਹੂ ਦੇ ਵਕੀਲ ਨੇ ਪਹਿਲਾਂ ਕਿਹਾ ਸੀ ਕਿ ਮੁਕੱਦਮਾ ਉਹਨਾਂ ਦੀ ਮੌਜੂਦਗੀ ਦੇ ਬਿਨਾਂ ਸ਼ੁਰੂ ਹੋ ਸਕਦਾ ਹੈ ਪਰ ਪਿਛਲੇ ਹਫਤੇ ਅਦਾਲਤ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਦੋਸ਼ਾਂ 'ਤੇ ਸਫਾਈ ਦੇਣ ਲਈ ਪੇਸ਼ ਹੋਣਾ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ- ਬ੍ਰਿਟੇਨ, ਅਮਰੀਕਾ ਤੇ ਹੋਰ ਦੇਸ਼ਾਂ 'ਚ ਇਹਨਾਂ ਤਰੀਕਾਂ ਨੂੰ ਖਤਮ ਹੋਵੇਗਾ ਕੋਰੋਨਾ


Vandana

Content Editor

Related News