ਇਜ਼ਰਾਇਲ ਦੀ ਸਰਕਾਰੀ ਏਅਰਲਾਈਨਜ਼ ਨੇ ਏਅਰ ਇੰਡੀਆ ਦੀਆਂ ਉਡਾਣਾਂ ਵਿਰੁੱਧ ਦਾਇਰ ਪਟੀਸ਼ਨ ਲਈ ਵਾਪਸ
Friday, Jul 27, 2018 - 06:06 PM (IST)

ਯੇਰੂਸ਼ਲਮ (ਬਿਊਰੋ)— ਇਜ਼ਰਾਇਲ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਈ.ਆਈ. ਏ.ਆਈ. ਨੇ ਏਅਰ ਇੰਡੀਆ ਨੂੰ ਸਾਊਦੀ ਅਰਬ ਦੇ ਹਵਾਈ ਖੇਤਰ 'ਤੇ ਉਡਾਣ ਭਰਨ ਦੀ ਇਜਾਜ਼ਤ ਦੇਣ ਦੇ ਸਰਕਾਰ ਦੇ ਫੈਸਲੇ ਵਿਰੁੱਧ ਸੀਨੀਅਰ ਅਦਾਲਤ ਵਿਚ ਦਾਇਰ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਸਰਕਾਰ ਨੇ ਦਿੱਲੀ-ਤੇਲ ਅਵੀਵ ਰਸਤੇ 'ਤੇ ਆਵਾਜਾਈ ਲਈ ਇਹ ਮਨਜ਼ੂਰੀ ਦਿੱਤੀ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਫੈਸਲਾ ਵਿਰੋਧੀ ਕੰਪਨੀ ਨੂੰ ਅਣਉਚਿਤ ਮੁਕਾਬਲੇਬਾਜ਼ੀ ਲਈ ਉਤਸ਼ਾਹਿਤ ਕਰਦਾ ਹੈ। ਸਥਾਨਕ ਮੀਡੀਆ ਮੁਤਾਬਕ ਇਜ਼ਰਾਇਲ ਦੇ ਸੁਪਰੀਮ ਕੋਰਟ ਦੇ ਜੱਜ ਨੇ ਹਵਾਬਾਜ਼ੀ ਕੰਪਨੀ ਨੂੰ ਪਟੀਸ਼ਨ ਵਾਪਸ ਲੈਣ ਦੀ ਅਪੀਲ ਕੀਤੀ ਸੀ। ਕੰਪਨੀ ਨੇ ਇਸ ਸਾਲ 22 ਮਾਰਚ ਨੂੰ ਇਹ ਪਟੀਸ਼ਨ ਦਾਇਰ ਕੀਤੀ ਸੀ।
ਕੰਪਨੀ ਨੇ ਤੇਲ ਅਵੀਵ ਸਟਾਕ ਐਕਸਚੇਂਜ ਨੂੰ ਦਿੱਤੇ ਵੇਰਵੇ ਵਿਚ ਕਿਹਾ ਸੀ ਕਿ 18 ਜੁਲਾਈ ਨੂੰ ਮਾਮਲੇ ਵਿਚ ਸੁਣਵਾਈ ਦੇ ਬਾਅਦ ਇਹ ਫੈਸਲਾ ਲਿਆ ਗਿਆ। ਇਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਨਹੀਂ ਦਿੱਤੀਆਂ ਗਈਆਂ ਹਨ। ਪਰ ਅਜਿਹਾ ਲੱਗਦਾ ਹੈ ਕਿ ਕੰਪਨੀ ਨੇ ਅਦਾਲਤ ਦੀ ਅਪੀਲ 'ਤੇ ਇਹ ਫੈਸਲਾ ਲਿਆ ਹੈ। ਈ.ਆਈ. ਏ.ਆਈ. ਨੇ ਇਜ਼ਰਾਇਲੀ ਸਰਕਾਰ, ਆਵਾਜਾਈ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਵਿਰੁੱਧ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਕਿ ਭਾਰਤੀ ਹਵਾਬਾਜ਼ੀ ਕੰਪਨੀ ਨੂੰ ਇਸ ਰਸਤੇ 'ਤੇ ਉਡਾਣ ਦੀ ਇਜਾਜ਼ਤ ਦੇਣ ਨਾਲ ਵਿਦੇਸ਼ੀ ਕੰਪਨੀ ਨੂੰ ਅਣਉਚਿਤ ਲਾਭ ਦਿੱਤਾ ਹੈ ਅਤੇ ਇਹ ਸਰਕਾਰੀ ਹਵਾਬਾਜ਼ੀ ਕੰਪਨੀ ਦੇ ਪ੍ਰਤੀ ਦੇਸ਼ ਦੀ ਵਚਨਬੱਧਤਾ ਦੀ ਉਲੰਘਣਾ ਹੈ। ਸਰਕਾਰੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੇ ਮਾਰਚ ਤੋਂ ਨਵੀਂ ਦਿੱਲੀ-ਤੇਲ ਅਵੀਵ ਰਸਤੇ ਲਈ ਉਡਾਣ ਸ਼ੁਰੂ ਕੀਤੀ ਸੀ। ਕੰਪਨੀ ਨੇ ਇਸ ਉਡਾਣ ਲਈ 256 ਸੀਟਾਂ ਵਾਲੇ ਬੋਇੰਗ 787-800 ਜਹਾਜ਼ ਨੂੰ ਲਗਾਇਆ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਸੀ ਕਿ ਸਾਊਦੀ ਅਰਬ ਨੇ ਭਾਰਤ ਨੂੰ ਇਜ਼ਰਾਇਲ ਦੀ ਉਡਾਣ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ, ਜਿਸ ਦੇ ਬਾਅਦ 7 ਮਾਰਚ ਨੂੰ ਏਅਰ ਇੰਡੀਆ ਨੇ 22 ਮਾਰਚ ਤੋਂ ਤੇਲ ਅਵੀਵ ਲਈ ਹਫਤੇ ਵਿਚ ਤਿੰਨ ਵਾਰ ਉਡਾਣ ਦਾ ਐਲਾਨ ਕੀਤਾ ਸੀ।