ਇਸਮਾਈਲ ਯਾਕੂਬ ਨੂੰ ਮਲੇਸ਼ੀਆ ਦਾ ਨਵਾਂ ਪ੍ਰਧਾਨ ਮੰਤਰੀ ਕੀਤਾ ਗਿਆ ਨਿਯੁਕਤ

Friday, Aug 20, 2021 - 04:55 PM (IST)

ਕੁਆਲਾਲੰਪੁਰ (ਭਾਸ਼ਾ) : ਮਲੇਸ਼ੀਆ ਦੇ ਸੁਲਤਾਨ ਨੇ ਸ਼ੁੱਕਰਵਾਰ ਨੂੰ ਇਸਮਾਈਲ ਸਾਬਰੀ ਯਾਕੂਬ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ, ਜਿਸ ਦੇ ਨਾਲ ਹੀ ਦੇਸ਼ ਵਿਚ ਸਭ ਤੋਂ ਲੰਬੇ ਸਮੇਂ ਤੱਕ ਸੱਤਾ ਵਿਚ ਰਹੇ ਰਾਜਨੀਤਕ ਦਲ ਦੀ ਫਿਰ ਤੋਂ ਵਾਪਸੀ ਹੋ ਗਈ। ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਨੇ ਕਿਹਾ ਕਿ ਇਸਮਾਈਲ ਨੂੰ 114 ਸੰਸਦ ਮੈਂਬਰਾਂ ਦਾ ਸਮਰਥਨ ਯਾਨੀ ਬਹੁਮਤ ਹਾਸਲ ਹੈ। ਉਨ੍ਹਾਂ ਕਿਹਾ ਕਿ ਇਸਮਾਈਲ (61) ਸ਼ਨੀਵਾਰ ਨੂੰ ਮਲੇਸ਼ੀਆ ਦੇ 9ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣਗੇ।

ਇਸਮਾਈਲ ਇਸ ਤੋਂ ਪਹਿਲਾਂ ਮੁਹਿਦੀਨ ਯਾਸੀਨ ਦੀ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਸਨ। ਯਾਸੀਨ ਨੇ ਗਠਜੋੜ ਵਿਚ ਲੜਾਈ ਕਾਰਨ ਬਹੁਮਤ ਗੁਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ 18 ਮਹੀਨੇ ਤੋਂ ਘੱਟ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮੁਹਿਦੀਨ ਦੇ ਗਠਜੋੜ ਨੂੰ ਬਰਕਰਾਰ ਰੱਖਣ ਲਈ ਇਸਮਾਈਲ ਦੀ ਨਿਯੁਕਤੀ ਜ਼ਰੂਰੀ ਸੀ। ਇਸਮਾਈਲ ਦੇ ਪ੍ਰਧਾਨ ਮੰਤਰੀ ਨਿਯੁਕਤ ਹੋਣ ਦੇ ਬਾਅਦ ਦੇਸ਼ ਵਿਚ ਯੂਨਾਈਟਡ ਮਲਯਜ ਨੈਸ਼ਨਲ ਆਰਗੇਨਾਈਜੇਸ਼ਨ (ਯੂ.ਐਮ.ਐਨ.ਓ.) ਫਿਰ ਤੋਂ ਸੱਤਾ ਵਿਚ ਪਰਤ ਆਇਆ ਹੈ।

ਇਹ ਵੀ ਪੜ੍ਹੋ: ਪਾਕਿ ’ਚ ਦਰਿੰਦਗੀ ਦੀਆਂ ਹੱਦਾਂ ਪਾਰ, ਕਬਰ ’ਚੋਂ ਲਾਸ਼ ਕੱਢ ਕੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਸਾਲ 1957 ਵਿਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਦੇ ਬਾਅਦ ਤੋਂ 2018 ਤੱਕ ਯੂ.ਐਮ.ਐਨ.ਓ. ਸੱਤਾ ਵਿਚ ਰਿਹਾ। ਕਰੋੜਾਂ ਰੁਪਏ ਦੇ ਵਿੱਤੀ ਮੁੱਦੇ ਦੇ ਚੱਲਦੇ 2018 ਵਿਚ ਹੋਈਆਂ ਚੋਣਾਂ ਵਿਚ ਉਸ ਨੂੰ ਸੱਤਾ ਗੁਆਉਣੀ ਪਈ ਸੀ। ਮਲੇਸ਼ੀਆ ਵਿਚ ਸੁਲਤਾਨ ਦੀ ਭੂਮਿਕਾ ਕਾਫ਼ੀ ਹੱਦ ਤੱਕ ਰਸਮੀ ਹੁੰਦੀ ਹੈ ਪਰ ਉਹ ਉਸ ਵਿਅਕਤੀ ਨੂੰ ਨਿਯੁਕਤ ਕਰਦਾ ਹੈ, ਜਿਸ ਨੂੰ ਉਹ ਮੰਨਦਾ ਹੈ ਕਿ ਸੰਸਦ ਵਿਚ ਉਸ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਬਹੁਮਤ ਦਾ ਸਮਰਥਨ ਪ੍ਰਾਪਤ ਹੈ ਅਤੇ ਸੂਬੇ ਦੇ ਸ਼ਾਸਕ ਉਸ ਨੂੰ ਅਜਿਹੀਆਂ ਨਿਯੁਕਤੀਆਂ ’ਤੇ ਸਲਾਹ ਦੇ ਸਕੇ ਹਨ। ਇਸਮਾਈਲ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਮਲੇਸ਼ੀਆਈ ਲੋਕਾਂ ਨੇ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿਚ ਹੁਣ ਤੱਕ 3,40,000 ਤੋਂ ਜ਼ਿਆਦਾ ਦਸਤਖ਼ਤ ਕੀਤੇ ਗਏ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸਮਾਈਲ ਦੀ ਨਿਯੁਕਤੀ ਸਥਿਤੀ ਨੂੰ ਬਰਕਰਾਰ ਰੱਖੇਗੀ।

7 ਮਹੀਨੇ ਦੀ ਐਮਰਜੈਂਸੀ ਅਤੇ ਜੂਨ ਤੋਂ ਤਾਲਾਬੰਦੀ ਦੇ ਬਾਵਜੂਦ ਮਲੇਸ਼ੀਆ ਵਿਚ ਪ੍ਰਤੀ ਵਿਅਕਤੀ ਲਾਗ ਦਰ ਅਤੇ ਮੌਦ ਦਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਜੂਨ ਦੇ ਬਾਅਦ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿਚ ਦੁੱਗਣਾ ਵਾਧਾ ਹੋਇਆ ਹੈ। ਵੀਰਵਾਰ ਨੂੰ ਰਿਕਾਰਡ 22,928 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 15 ਲੱਖ ਹੋ ਗਈ। ਹੁਣ ਤੱਕ ਕੁੱਲ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ: ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News