US ਫੌਜ ਨੇ ਢੇਰ ਕੀਤਾ ISIS ਸਰਗਣਾ ਬਗਦਾਦੀ, ਟਰੰਪ ਕਰ ਸਕਦੇ ਹਨ ਐਲਾਨ
Sunday, Oct 27, 2019 - 11:38 AM (IST)

ਵਾਸ਼ਿੰਗਟਨ— ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦਾ ਸਰਗਣਾ ਅਬੂ ਬਕਰ ਅਲ-ਬਗਦਾਦੀ ਦੇ ਆਤਮਘਾਤੀ ਧਮਾਕੇ 'ਚ ਮਾਰੇ ਜਾਣ ਦੀ ਸੂਚਨਾ ਹੈ। ਸਮਾਚਾਰ ਵੈੱਬਸਾਈਟ ਡਿਫੈਂਸ ਵਨ ਪੋਰਟਲ ਨੇ ਐਤਵਾਰ ਨੂੰ ਦੱਸਿਆ ਕਿ ਬਗਦਾਦੀ ਸੀਰੀਆ 'ਚ ਅਮਰੀਕੀ ਵਿਸ਼ੇਸ਼ ਫੌਜ ਦੀ ਕਾਰਵਾਈ ਦੌਰਾਨ ਮਾਰਿਆ ਗਿਆ। ਪੋਰਟਲ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਬਗਦਾਦੀ ਨੇ ਅਮਰੀਕੀ ਸੁਰੱਖਿਆ ਬਲ ਦੀ ਕਾਰਵਾਈ ਦੌਰਾਨ ਅੱਤਵਾਦੀ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ 'ਤੇ ਲਿਖਿਆ,''ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ।'' ਉਨ੍ਹਾਂ ਨੇ ਹਾਲਾਂਕਿ ਇਹ ਖੁਲ੍ਹਾਸਾ ਨਹੀਂ ਕੀਤਾ ਕਿ ਉਹ ਕਿਸ ਸਬੰਧ 'ਚ ਅਜਿਹਾ ਕਹਿ ਰਹੇ ਹਨ। ਇਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਦਫਤਰ 'ਵ੍ਹਾਈਟ ਹਾਊਸ' ਨੇ ਘੋਸ਼ਣਾ ਕੀਤੀ ਕਿ ਟਰੰਪ ਅੱਜ ਸ਼ਾਮ 6 ਵਜੇ ਇਕ ਮਹੱਤਵਪੂਰਣ ਬਿਆਨ ਦੇਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਾਲਾਂ 'ਚ ਕਈ ਵਾਰ ਬਗਦਾਦੀ ਦੀ ਮੌਤ ਦੀਆਂ ਅਫਵਾਹਾਂ ਸਾਹਮਣੇ ਆਈਆਂ ਹਨ ਪਰ ਕੁਝ ਸਮੇਂ ਮਗਰੋਂ ਇਹ ਸਾਹਮਣੇ ਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਇਸ ਖਬਰ ਦੀ ਸੱਚਾਈ ਦਾ ਖੁਲਾਸਾ ਹੁੰਦਾ ਹੈ ਜਾਂ ਨਹੀਂ।