ਮੁੜ ਪੈਰ ਪਸਾਰ ਰਿਹੈ ਅੱਤਵਾਦੀ ਸੰਗਠਨ IS, ਜਾਰਡਨ ਕਿੰਗ ਨੇ ਦਿੱਤੀ ਚਿਤਾਵਨੀ
Wednesday, Jan 15, 2020 - 04:41 PM (IST)

ਅਮਾਨ- ਜਾਰਡਨ ਦੇ ਕਿੰਗ ਅਬਦੁੱਲਾ ਨੇ ਖਾੜੀ ਦੇਸ਼ਾਂ ਵਿਚ ਇਸਲਾਮਿਕ ਸਟੇਟ ਦੇ ਦੁਬਾਰਾ ਸੰਗਠਿਤ ਹੋਣ ਦੀ ਜਾਣਕਾਰੀ ਦੇ ਕੇ ਪੱਛਮੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਉਹਨਾਂ ਨੇ ਫ੍ਰਾਂਸੀਸੀ ਟੀਵੀ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਇਹ ਖਤਰਨਾਕ ਸੰਗਠਨ ਦੱਖਣੀ ਸੀਰੀਆ ਵਿਚ ਹੀ ਨਹੀਂ ਬਲਕਿ ਪੱਛਮੀ ਇਰਾਕ ਵਿਚ ਵੀ ਸਰਗਰਮ ਹੋ ਰਿਹਾ ਹੈ।
ਜਾਰਡਨ ਦੇ ਰਾਜਾ ਨੇ ਕਿਹਾ ਕਿ ਸਾਨੂੰ ਇਸਲਾਮਿਕ ਸਟੇਟ ਦੇ ਨਵੇਂ ਸਿਰੇ ਤੋਂ ਉਭਰਣ ਤੋਂ ਨਿਪਟਣ ਦੇ ਇੰਤਜ਼ਾਮ ਕਰਨੇ ਹੋਣਗੇ ਕਿਉਂਕਿ ਇਸ ਸੰਗਠਨ ਦੇ ਕਈ ਵਿਦੇਸ਼ੀ ਲੜਾਕੇ ਹੁਣ ਸੀਰੀਆ ਤੋਂ ਲੀਬੀਆ ਦਾ ਰੁਖ ਕਰ ਚੁੱਕੇ ਹਨ। ਉਹਨਾਂ ਨੇ ਇਸਲਾਮਿਕ ਸਟੇਟ ਨੂੰ ਰੋਕਣ ਦੇ ਲਈ ਯੂਰਪ ਨੂੰ ਖਾਸ ਕਰਕੇ ਧਿਆਨ ਦੇਣ ਲਈ ਕਿਹਾ ਹੈ।
ਕਿੰਗ ਅਬਦੁੱਲਾਹ ਨੇ ਕਿਹਾ ਕਿ ਲੀਬੀਆ ਦੀ ਸਰਹੱਦ ਯੂਰਪ ਦੇ ਦੇਸ਼ਾਂ ਨਾਲ ਲੱਗਦੀ ਹੈ, ਇਸ ਲਈ 2020 ਵਿਚ ਯੂਰਪ ਦੇ ਲਈ ਇਹ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੀਰੀਆ ਦੇ ਇਦਲਿਬ ਸ਼ਹਿਰ ਤੋਂ ਭੱਜੇ ਲੜਾਕੇ ਉੱਤਰ ਅਫਰੀਕੀ ਦੇਸ਼ ਲੀਬੀਆ ਵਿਚ ਹੀ ਹਨ ਤੇ ਯੂਰਪ ਤੇ ਇਸ ਦੇਸ਼ ਦੇ ਵਿਚਾਲੇ ਭੂ-ਮੱਧ ਸਾਗਰ ਹੀ ਹੈ, ਜਿਸ ਨੂੰ ਪਾਰ ਕਰਕੇ ਇਹ ਲੜਾਕੇ ਯੂਰਪ ਵਿਚ ਦਾਖਲ ਹੋ ਸਕਦੇ ਹਨ।
ਕਿੰਗ ਅਬਦੁੱਲਾਹ ਨੇ ਕਿਹਾ ਕਿ ਲੀਬੀਆ ਦੇ ਗ੍ਰਹਿਯੁੱਧ ਨੂੰ ਰੋਕਣ ਦੇ ਨਾਂ 'ਤੇ ਤੁਰਕੀ ਨੇ ਜਿਸ ਤਰ੍ਹਾਂ ਨਾਲ ਉਥੇ ਫੌਜ ਭੇਜਣ ਦਾ ਫੈਸਲਾ ਕੀਤਾ ਹੈ, ਉਸ ਨਾਲ ਖੇਤਰ ਵਿਚ ਉਲਝਣ ਵਾਲੇ ਹਾਲਾਤ ਵਧ ਗਏ ਹਨ। ਮੱਧ-ਪੂਰਬ ਵਿਚ ਸ਼ਾਂਤੀ ਤੇ ਸਥਿਰਤਾ ਦੇ ਲਿਹਾਜ਼ ਨਾਲ ਅਹਿਮ ਜਾਰਡਨ ਹੁਣ ਤੱਕ ਗੁਆਂਢੀ ਸੀਰੀਆ ਦੇ 13 ਲੱਖ ਸ਼ਰਣਾਰਥੀਆਂ ਨੂੰ ਜਗ੍ਹਾ ਦੇ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਤੁਰਕੀ ਦਾ ਕਦਮ ਯੂਰਪ ਦੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ।