ਸੱਦਾਮ ਹੁਸੈਨ ਦੇ ਸਾਬਕਾ ਜਨਰਲ ਨੂੰ 1980 ''ਚ ਸ਼ੀਆ ਧਰਮ ਗੁਰੂ ਦੀ ਹੱਤਿਆ ਦੇ ਦੋਸ਼ ''ਚ ਫਾਂਸੀ

Monday, Feb 09, 2026 - 05:06 PM (IST)

ਸੱਦਾਮ ਹੁਸੈਨ ਦੇ ਸਾਬਕਾ ਜਨਰਲ ਨੂੰ 1980 ''ਚ ਸ਼ੀਆ ਧਰਮ ਗੁਰੂ ਦੀ ਹੱਤਿਆ ਦੇ ਦੋਸ਼ ''ਚ ਫਾਂਸੀ

ਬਗਦਾਦ: ਇਰਾਕ ਨੇ ਐਲਾਨ ਕੀਤਾ ਹੈ ਕਿ ਸੱਦਾਮ ਹੁਸੈਨ ਦੇ ਸ਼ਾਸਨ ਦੌਰਾਨ ਇੱਕ ਉੱਚ ਪੱਧਰੀ ਸੁਰੱਖਿਆ ਅਧਿਕਾਰੀ ਨੂੰ 1980 ਵਿੱਚ ਇੱਕ ਪ੍ਰਮੁੱਖ ਸ਼ੀਆ ਧਰਮ ਗੁਰੂ ਦੀ ਹੱਤਿਆ ਵਿੱਚ ਸ਼ਾਮਲ ਹੋਣ ਲਈ ਫਾਂਸੀ ਦੇ ਦਿੱਤੀ ਗਈ ਹੈ। ਰਾਸ਼ਟਰੀ ਸੁਰੱਖਿਆ ਸੇਵਾ ਦੇ ਅਨੁਸਾਰ, ਸਾਦੂਨ ਸਾਬਰੀ ਅਲ-ਕੈਸੀ, ਜੋ ਸੱਦਾਮ ਦੇ ਸਮੇਂ ਮੇਜਰ ਜਨਰਲ ਦੇ ਅਹੁਦੇ 'ਤੇ ਤਾਇਨਾਤ ਸੀ, ਨੂੰ 'ਮਨੁੱਖਤਾ ਵਿਰੁੱਧ ਗੰਭੀਰ ਅਪਰਾਧਾਂ' ਲਈ ਦੋਸ਼ੀ ਠਹਿਰਾਇਆ ਗਿਆ ਸੀ।

ਅਲ-ਕੈਸੀ 'ਤੇ ਪ੍ਰਮੁੱਖ ਇਰਾਕੀ ਸ਼ੀਆ ਧਰਮ ਗੁਰੂ ਮੁਹੰਮਦ ਬਾਕਿਰ ਅਲ-ਸਦਰ, ਅਲ-ਹਾਕਿਮ ਪਰਿਵਾਰ ਦੇ ਮੈਂਬਰਾਂ ਤੇ ਕਈ ਹੋਰ ਨਾਗਰਿਕਾਂ ਦੀ ਹੱਤਿਆ ਦੇ ਦੋਸ਼ ਸਨ। ਏਜੰਸੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਫਾਂਸੀ ਕਿਸ ਦਿਨ ਦਿੱਤੀ ਗਈ, ਪਰ ਅਲ-ਕੈਸੀ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।

ਕੌਣ ਸਨ ਮੁਹੰਮਦ ਬਾਕਿਰ ਅਲ-ਸਦਰ?
ਅਲ-ਸਦਰ ਇਰਾਕ ਦੀ ਬਾਥਿਸਟ ਸਰਕਾਰ ਤੇ ਸੱਦਾਮ ਹੁਸੈਨ ਦੇ ਕੱਟੜ ਆਲੋਚਕ ਸਨ। 1979 'ਚ ਈਰਾਨ 'ਚ ਆਈ ਇਸਲਾਮੀ ਕ੍ਰਾਂਤੀ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਹੋਰ ਤੇਜ਼ ਹੋ ਗਿਆ ਸੀ, ਜਿਸ ਕਾਰਨ ਸੱਦਾਮ ਨੂੰ ਡਰ ਸੀ ਕਿ ਇਰਾਕ 'ਚ ਵੀ ਸ਼ੀਆ ਭਾਈਚਾਰੇ ਵੱਲੋਂ ਵਿਦਰੋਹ ਕੀਤਾ ਜਾ ਸਕਦਾ ਹੈ। 1980 'ਚ ਜਦੋਂ ਸਰਕਾਰ ਨੇ ਸ਼ੀਆ ਕਾਰਕੁਨਾਂ ਵਿਰੁੱਧ ਮੁਹਿੰਮ ਵਿੱਢੀ, ਤਾਂ ਅਲ-ਸਦਰ ਅਤੇ ਉਨ੍ਹਾਂ ਦੀ ਭੈਣ ਬਿੰਤ ਅਲ-ਹੁਦਾ (ਇੱਕ ਪ੍ਰਸਿੱਧ ਧਾਰਮਿਕ ਵਿਦਵਾਨ) ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਪੋਰਟਾਂ ਅਨੁਸਾਰ, 8 ਅਪ੍ਰੈਲ 1980 ਨੂੰ ਫਾਂਸੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਕਾਫੀ ਤਸੀਹੇ ਦਿੱਤੇ ਗਏ ਸਨ।

ਅਲ-ਸਦਰ ਦੀ ਫਾਂਸੀ ਨੇ ਉਸ ਸਮੇਂ ਪੂਰੇ ਇਲਾਕੇ ਵਿੱਚ ਭਾਰੀ ਗੁੱਸਾ ਪੈਦਾ ਕੀਤਾ ਸੀ ਅਤੇ ਅੱਜ ਵੀ ਇਹ ਸੱਦਾਮ ਦੇ ਸ਼ਾਸਨ ਅਧੀਨ ਹੋਏ ਦਮਨ ਦੀ ਇੱਕ ਵੱਡੀ ਮਿਸਾਲ ਮੰਨੀ ਜਾਂਦੀ ਹੈ। ਸੱਦਾਮ ਹੁਸੈਨ ਇਰਾਕ ਦੇ ਸੁੰਨੀ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ।

2003 ਵਿੱਚ ਇਰਾਕ 'ਤੇ ਅਮਰੀਕੀ ਹਮਲੇ ਤੋਂ ਬਾਅਦ, ਇਰਾਕੀ ਅਧਿਕਾਰੀ ਲਗਾਤਾਰ ਉਨ੍ਹਾਂ ਸਾਬਕਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਨ੍ਹਾਂ 'ਤੇ ਰਾਜਨੀਤਿਕ ਅਤੇ ਧਾਰਮਿਕ ਵਿਰੋਧੀਆਂ ਵਿਰੁੱਧ ਅਪਰਾਧ ਕਰਨ ਦੇ ਦੋਸ਼ ਹਨ। ਹਾਲਾਂਕਿ, ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਮੌਤ ਦੀ ਸਜ਼ਾ ਦੀ ਵਰਤੋਂ ਨੂੰ ਲੈ ਕੇ ਇਰਾਕ ਦੀ ਅਕਸਰ ਆਲੋਚਨਾ ਵੀ ਕੀਤੀ ਜਾਂਦੀ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News