US ਦੀਆਂ ਟੈੱਕ ਕੰਪਨੀਆਂ ''ਤੇ ਹਮਲੇ ਕਰੇਗਾ ਈਰਾਨ! ਐਪਲ-ਗੂਗਲ ਸਮੇਤ 18 ਫਰਮਾਂ ਹਿੱਟ ਲਿਸਟ ''ਤੇ
Tuesday, Mar 31, 2026 - 10:53 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਵਿੱਚ ਜਾਰੀ ਤਣਾਅ ਹੁਣ ਸਿਰਫ਼ ਫ਼ੌਜੀ ਟਿਕਾਣਿਆਂ ਤੱਕ ਸੀਮਤ ਨਹੀਂ ਰਿਹਾ ਹੈ, ਸਗੋਂ ਇਸ ਦਾ ਦਾਇਰਾ ਟੈਕਨਾਲੋਜੀ ਅਤੇ ਉਦਯੋਗਿਕ ਖੇਤਰ ਤੱਕ ਫੈਲ ਗਿਆ ਹੈ। ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡਜ਼ ਕਾਰਪਸ (IRGC) ਨੇ ਅਮਰੀਕਾ ਦੀਆਂ 18 ਵੱਡੀਆਂ ਟੈਕਨਾਲੋਜੀ ਕੰਪਨੀਆਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ 'ਤੇ ਸਿੱਧੇ ਹਮਲੇ ਦੀ ਧਮਕੀ ਦਿੱਤੀ ਹੈ।
ਇਨ੍ਹਾਂ ਦਿੱਗਜ ਕੰਪਨੀਆਂ 'ਤੇ ਖ਼ਤਰਾ
ਈਰਾਨੀ ਸਰਕਾਰੀ ਮੀਡੀਆ ਰਿਪੋਰਟਾਂ ਅਨੁਸਾਰ, IRGC ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਮਾਈਕ੍ਰੋਸਾਫਟ, ਗੂਗਲ, ਐਪਲ, ਇੰਟੈੱਲ ਅਤੇ ਟੈਸਲਾ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਮ ਸ਼ਾਮਲ ਹਨ। ਈਰਾਨ ਦਾ ਦੋਸ਼ ਹੈ ਕਿ ਇਹ ਕੰਪਨੀਆਂ ਉਨ੍ਹਾਂ ਸਿਸਟਮਾਂ ਦੀ ਡਿਜ਼ਾਈਨਿੰਗ ਅਤੇ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਨ੍ਹਾਂ ਦੀ ਵਰਤੋਂ ਈਰਾਨ 'ਤੇ ਹਮਲੇ ਕਰਨ ਲਈ ਕੀਤੀ ਜਾ ਰਹੀ ਹੈ। ਹੁਣ ਈਰਾਨ ਨੇ ਇਨ੍ਹਾਂ ਕੰਪਨੀਆਂ ਦੇ ਖੇਤਰੀ ਆਪ੍ਰੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਕੀਤਾ ਹੈ।
1 ਅਪ੍ਰੈਲ ਤੋਂ ਹੋ ਸਕਦੀ ਹੈ ਕਾਰਵਾਈ
IRGC ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਹਮਲੇ 1 ਅਪ੍ਰੈਲ 2026 ਤੋਂ ਤੇਹਰਾਨ ਦੇ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋ ਸਕਦੇ ਹਨ।
ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਇਲਾਕਿਆਂ 'ਤੇ ਹੋਣ ਵਾਲੇ ਹਰ ਅੱਤਵਾਦੀ ਹਮਲੇ ਦੇ ਬਦਲੇ ਇਨ੍ਹਾਂ ਕੰਪਨੀਆਂ ਦੀਆਂ ਯੂਨਿਟਾਂ ਨੂੰ ਤਬਾਹ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਕਰਮਚਾਰੀਆਂ ਨੂੰ ਦਫ਼ਤਰ ਛੱਡਣ ਦੀ ਸਲਾਹ
ਇਸ ਚਿਤਾਵਨੀ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਈਰਾਨ ਨੇ ਇਨ੍ਹਾਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤੁਰੰਤ ਦਫ਼ਤਰ ਛੱਡਣ ਲਈ ਕਿਹਾ ਹੈ ਤਾਂ ਜੋ ਉਹ ਆਪਣੀ ਜਾਨ ਬਚਾ ਸਕਣ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦੇਸ਼ ਨੇ ਇਸ ਤਰ੍ਹਾਂ ਖੁੱਲ੍ਹੇਆਮ ਟੈਕ ਕੰਪਨੀਆਂ ਨੂੰ ਜੰਗ ਦਾ ਹਿੱਸਾ ਮੰਨਦਿਆਂ ਸਿੱਧੇ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਇਸ ਧਮਕੀ ਤੋਂ ਬਾਅਦ ਵਿਸ਼ਵ ਪੱਧਰ 'ਤੇ ਟੈਕਨਾਲੋਜੀ ਸੈਕਟਰ ਵਿੱਚ ਹੜਕੰਪ ਮਚ ਗਿਆ ਹੈ।
