ਈਰਾਨ ਨੇ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਕੀਤਾ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

06/29/2020 5:44:09 PM

ਤਹਿਰਾਨ (ਏਪੀ): ਈਰਾਨ ਨੇ ਬਗਦਾਦ ਵਿਚ ਡਰੋਨ ਹਮਲੇ ਵਿਚ ਇਕ ਚੋਟੀ ਦੇ ਈਰਾਨੀ ਜਨਰਲ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਦਰਜਨਾਂ ਹੋਰਾਂ ਲੋਕਾਂ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕਰਕੇ ਇਸ ਦੇ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਇਕ ਸਥਾਨਕ ਪ੍ਰੋਸੀਕਿਊਸ਼ਨ ਨੇ ਸੋਮਵਾਰ ਨੂੰ  ਇਹ ਜਾਣਕਾਰੀ ਦਿੱਤੀ।

ਈਰਾਨ ਦੇ ਇਸ ਕਦਮ ਨਾਲ ਟਰੰਪ ਨੂੰ ਗ੍ਰਿਫਤਾਰੀ ਦਾ ਕੋਈ ਖਤਰਾ ਨਹੀਂ ਹੈ। ਪਰ ਇਨ੍ਹਾਂ ਦੋਸ਼ਾਂ ਨਾਲ ਈਰਾਨ ਤੇ ਅਮਰੀਕਾ ਦੇ ਵਿਚਾਲੇ ਵਧਦਾ ਤਣਾਅ ਸਪੱਸ਼ਟ ਹੁੰਦਾ ਹੈ। ਈਰਾਨ ਤੇ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਤੋਂ ਟਰੰਪ ਦੇ ਵੱਖ ਹੋ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਤਹਿਰਾਨ ਦੇ ਪ੍ਰੋਸੀਕਿਊਸ਼ਨ ਅਲੀ ਅਲਕਾਸੀਮਹਰ ਨੇ ਕਿਹਾ ਕਿ ਈਰਾਨ ਨੇ ਤਿੰਨ ਜਨਵਰੀ ਨੂੰ ਬਗਦਾਦ ਵਿਚ ਹੋਏ ਹਮਲੇ ਵਿਚ ਟਰੰਪ ਤੇ 30 ਤੋਂ ਵਧੇਰੇ ਹੋਰਾਂ ਲੋਕਾਂ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਉਸੇ ਹਮਲੇ ਵਿਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। 

ਅਰਧ-ਸਰਕਾਰੀ ਸੰਵਾਦ ਏਜੰਸੀ ਆਈ.ਐੱਸ.ਐੱਨ. ਦੀ ਖਬਰ ਮੁਤਾਬਕ ਅਲਕਾਸੀਮਰ ਨੇ ਟਰੰਪ ਤੋਂ ਇਲਾਵਾ ਕਿਸੇ ਹੋਰ ਦੀ ਪਛਾਣ ਨਹੀਂ ਕੀਤੀ। ਪਰ ਜ਼ੋਰ ਦਿੱਤਾ ਕਿ ਈਰਾਨ ਟਰੰਪ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਮੁਕੱਦਮਾ ਜਾਰੀ ਰੱਖੇਗਾ। ਫਰਾਂਸ ਦੇ ਲਿਓਨ ਵਿਚ ਸਥਿਤ ਇੰਟਰਪੋਲ ਨੇ ਟਿੱਪਣੀ 'ਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਅਜਿਹੀ ਸੰਭਾਵਨਾ ਨਹੀਂ ਹੈ ਕਿ ਇੰਟਰਪੋਲ ਈਰਾਨ ਦੀ ਅਪੀਲ ਨੂੰ ਸਵਿਕਾਰ ਕਰੇਗਾ ਕਿਉਂਕਿ ਉਸ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਉਹ ਸਿਆਸਤ ਨਾਲ ਸਬੰਧਤ ਮਾਮਲੇ ਵਿਚ ਦਖਲ ਨਹੀਂ ਕਰ ਸਕਦਾ ਹੈ।


Baljit Singh

Content Editor

Related News