ਜੰਗ ਦੇ ਸੇਕ ''ਚ ਸੜਨ ਲੱਗਾ ਪੂਰਾ ਮਿਡਲ ਈਸਟ ! ਹੋਰ ਭਿਆਨਕ ਬਣੇ ਹਾਲਾਤ
Saturday, Apr 04, 2026 - 09:57 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਖ਼ਿਲਾਫ਼ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦਾ ਅੱਜ 35ਵਾਂ ਦਿਨ ਹੈ ਅਤੇ ਹਾਲਾਤ ਲਗਾਤਾਰ ਭਿਆਨਕ ਹੁੰਦੇ ਜਾ ਰਹੇ ਹਨ। ਦੋਵਾਂ ਦੇਸ਼ਾਂ ਨੇ ਹਮਲਿਆਂ ਦਾ ਘੇਰਾ ਵਧਾਉਂਦੇ ਹੋਏ ਤਹਿਰਾਨ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਵੱਡੇ ਪੱਧਰ ’ਤੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਵਾਸ਼ਿੰਗਟਨ ਦੀ ਤਰਫ਼ੋਂ ਤਹਿਰਾਨ ’ਤੇ ਦਬਾਅ ਹੋਰ ਤੇਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਜੰਗ ਹੁਣ ਪੂਰੇ ਮਿਡਲ ਈਸਟ ’ਚ ਫੈਲਦੀ ਨਜ਼ਰ ਆ ਰਹੀ ਹੈ।
ਇਸ ਜੰਗ ਦੌਰਾਨ ਇਰਾਨ ’ਚ ਹੁਣ ਤੱਕ ਘੱਟੋ-ਘੱਟ 2,076 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 26,500 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਰਾਨ ਦੇ ਵਿਦੇਸ਼ ਮੰਤਰਾਲਾ ਅਨੁਸਾਰ 28 ਫਰਵਰੀ ਤੋਂ ਹੁਣ ਤੱਕ 600 ਤੋਂ ਵੱਧ ਸਕੂਲ ਤੇ ਵਿੱਦਿਅਕ ਸੰਸਥਾਵਾਂ ਹਮਲਿਆਂ ਦੀ ਲਪੇਟ ’ਚ ਆ ਚੁੱਕੀਆਂ ਹਨ, ਜਿਸ ਨਾਲ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਹੈ।
ਜ਼ਮੀਨੀ ਜੰਗ ਦੀ ਚਿਤਾਵਨੀ, ਇਰਾਨ ਦਾ ਪਲਟਵਾਰ
ਇਰਾਨੀ ਫੌਜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਜੰਗ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਦੁਸ਼ਮਣ ਅਪਮਾਨ ਤੇ ਆਤਮਸਮਰਪਣ ਦਾ ਸਾਹਮਣਾ ਨਹੀਂ ਕਰਦਾ। ਇਸ ਦੇ ਨਾਲ ਹੀ ਅਮਰੀਕਾ ਨੂੰ ਜ਼ਮੀਨੀ ਹਮਲੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਇਰਾਨ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ, ਭਾਵੇਂ ਉਹ ਗਰਾਊਂਡ ਅਟੈਕ ਹੀ ਕਿਉਂ ਨਾ ਹੋਵੇ।
ਕੂਟਨੀਤੀ ਦੀਆਂ ਕੋਸ਼ਿਸ਼ਾਂ ਪਰ ਰਸਤਾ ਮੁਸ਼ਕਲ
ਪਾਕਿਸਤਾਨ ਨੇ ਅਮਰੀਕਾ ਤੇ ਇਰਾਨ ਵਿਚਾਲੇ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਗੱਲ ਕਹੀ ਹੈ, ਹਾਲਾਂਕਿ ਉਸ ਨੇ ਸ਼ਾਂਤੀ ਪ੍ਰਕਿਰਿਆ ’ਚ ਰੁਕਾਵਟਾਂ ਨੂੰ ਵੀ ਮੰਨਿਆ ਹੈ। ਇਸੇ ਦੌਰਾਨ ਬ੍ਰਿਟੇਨ ਲੱਗਭਗ 40 ਦੇਸ਼ਾਂ ਦੇ ਨਾਲ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ’ਤੇ ਚਰਚਾ ਕਰ ਰਿਹਾ ਹੈ, ਜਿੱਥੇ ਇਰਾਨ ਦੀ ਨਾਕਾਬੰਦੀ ਕਾਰਨ ਗਲੋਬਲ ਤੇਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ- ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'
ਹੋਰਮੁਜ਼ ਸੰਕਟ ਕਾਰਨ ਗਲੋਬਲ ਚਿੰਤਾ ਵਧੀ
ਖਾੜੀ ਸਹਿਯੋਗ ਕੌਂਸਲ (ਜੀ. ਸੀ. ਸੀ.) ਦੇ ਜਨਰਲ ਸਕੱਤਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਹੋਰਮੁਜ਼ ’ਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਫਿਲੀਪੀਨਜ਼ ਨੇ ਇਰਾਨ ਨਾਲ ਸਮਝੌਤੇ ਤੋਂ ਬਾਅਦ ਆਪਣੇ ਜਹਾਜ਼ਾਂ ਲਈ ਸੁਰੱਖਿਅਤ ਮਾਰਗ ਯਕੀਨੀ ਬਣਾਇਆ ਹੈ, ਜਿਸ ਨਾਲ ਤੇਲ ਸਪਲਾਈ ਬਣਾਈ ਰੱਖਣ ’ਚ ਮਦਦ ਮਿਲੇਗੀ।
ਖਾੜੀ ਦੇਸ਼ਾਂ ’ਚ ਦਹਿਸ਼ਤ, ਹਮਲਿਆਂ ਦਾ ਅਸਰ
ਜੰਗ ਦਾ ਅਸਰ ਖਾੜੀ ਦੇਸ਼ਾਂ ’ਚ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ। ਯੂ. ਏ. ਈ. ’ਚ ਮਲਬਾ ਡਿੱਗਣ ਨਾਲ ਇਕ ਬੰਗਲਾਦੇਸ਼ੀ ਮਜ਼ਦੂਰ ਦੀ ਮੌਤ ਹੋ ਗਈ। ਬਹਿਰੀਨ ’ਚ ਕਈ ਵਾਰ ਸਾਇਰਨ ਵਜਾਏ ਗਏ ਅਤੇ ਲੋਕਾਂ ਨੂੰ ਸ਼ੈਲਟਰ ’ਚ ਜਾਣ ਦੇ ਹੁਕਮ ਦਿੱਤੇ ਗਏ। ਸਾਊਦੀ ਅਰਬ ਨੇ ਇਕ ਡਰੋਨ ਨੂੰ ਡੇਗ ਦਿੱਤਾ, ਜਦਕਿ ਕੁਵੈਤ ਏਅਰਪੋਰਟ ’ਤੇ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ।
ਇਜ਼ਰਾਈਲ ’ਚ ਸਾਇਰਨ ਬਣੇ ਨਵੀਂ ਹਕੀਕਤ
ਇਜ਼ਰਾਈਲ ’ਚ ਹਾਲਾਤ ਲਗਾਤਾਰ ਤਣਾਅਪੂਰਨ ਹਨ। ਤੇਲ ਅਵੀਵ ਸਮੇਤ ਕਈ ਇਲਾਕਿਆਂ ’ਚ ਸਾਇਰਨ ਵੱਜਣਾ ਆਮ ਹੋ ਗਿਆ ਹੈ ਅਤੇ ਲੋਕ ਵਾਰ-ਵਾਰ ਸ਼ੈਲਟਰ ’ਚ ਜਾਣ ਨੂੰ ਮਜਬੂਰ ਹਨ। ਸਕੂਲਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਅਤੇ ਏਅਰਪੋਰਟ ਸੀਮਿਤ ਸਮਰੱਥਾ ’ਤੇ ਚੱਲ ਰਿਹਾ ਹੈ। ਇਜ਼ਰਾਈਲ ਲੰਮੀ ਜੰਗ ਦੀ ਤਿਆਰੀ ’ਚ ਜੁਟਿਆ ਹੋਇਆ ਹੈ।
ਹਿਜ਼ਬੁੱਲਾ ਦਾ 24 ਘੰਟਿਆਂ ’ਚ 60 ਫੌਜੀ ਆਪ੍ਰੇਸ਼ਨਾਂ ਦਾ ਦਾਅਵਾ
ਲਿਬਨਾਨ ਦੇ ਨਾਲ ਲੱਗਦੇ ਮੋਰਚੇ ’ਤੇ ਹਿਜ਼ਬੁੱਲਾ ਨੇ 24 ਘੰਟਿਆਂ ’ਚ 60 ਫੌਜੀ ਆਪ੍ਰੇਸ਼ਨ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚ ਰਾਕੇਟ ਹਮਲੇ, ਬੰਬ ਧਮਾਕੇ ਅਤੇ ਇਜ਼ਰਾਈਲੀ ਟੈਂਕਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ। ਇਰਾਕ ’ਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਸਥਾਨਕ ਹਥਿਆਰਬੰਦ ਸਮੂਹਾਂ ਨੇ ਲਈ ਹੈ। ਸੀਰੀਆ ’ਚ ਇਜ਼ਰਾਈਲ ਨੇ ਦੱਖਣੀ ਇਲਾਕਿਆਂ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਇਸੇ ਤਰ੍ਹਾਂ ਲਿਬਨਾਨ ’ਚ ਵੱਡੇ ਪੱਧਰ ’ਤੇ ਉਜਾੜੇ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿੱਥੇ ਕਈ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ 'ਚਿੱਠੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
