ਈਰਾਨ ਵਲੋਂ ਦੋ ਬੇੜਿਆਂ ਨੂੰ ਜ਼ਬਤ ਕਰਨਾ ਸਵਿਕਾਰ ਨਹੀਂ : ਬ੍ਰਿਟੇਨ

07/20/2019 10:09:13 AM

ਲੰਡਨ— ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨ ਨੇ ਖਾੜੀ 'ਚ ਦੋ ਬੇੜਿਆਂ ਨੂੰ ਜ਼ਬਤ ਕਰ ਲਿਆ ਹੈ। ਉੱਥੇ ਹੀ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਜ਼ਬਤ ਕਰਨ ਦੀਆਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਇਸ ਨੂੰ ਨਾਮਨਜ਼ੂਰ ਦੱਸਿਆ ਅਤੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਚਿੰਤਾ 'ਚ ਹਨ। 

ਉਨ੍ਹਾਂ ਕਿਹਾ ਕਿ ਹੋਰਮੁਜ 'ਚ ਈਰਾਨੀ ਅਧਿਕਾਰੀਆਂ ਵਲੋਂ ਦੋ ਸਮੁੰਦਰੀ ਬੇੜਿਆਂ ਨੂੰ ਜ਼ਬਤ ਕੀਤੇ ਜਾਣ ਨਾਲ ਬਹੁਤ ਚਿੰਤਾ ਹੈ। ਹੰਟ ਨੇ ਕਿਹਾ ਕਿ ਇਹ ਸਭ ਨਾਮਨਜ਼ੂਰ ਹੈ। ਹਾਲਾਂਕਿ ਖਾੜੀ 'ਚ ਜਿਸ ਦੂਜੇ ਟੈਂਕਰ ਨੂੰ ਜ਼ਬਤ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਉਸ ਨੂੰ ਬਣਾਉਣ ਵਾਲੀ ਬ੍ਰਿਟਿਸ਼ ਕੰਪਨੀ ਨੇ ਕਿਹਾ ਕਿ ਬੇੜੇ 'ਤੇ ਕੁਝ ਸਮੇਂ ਲਈ ਹਥਿਆਰਬੰਦ ਕਰਮਚਾਰੀ ਸਵਾਰ ਹੋਏ ਸਨ ਪਰ ਹੁਣ ਬੇੜੇ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਨੋਰਬਲਕ ਸ਼ਿਪਿੰਗ ਯੂ. ਕੇ. ਨੇ ਬੇੜੇ ਬਾਰੇ ਬਿਆਨ ਜਾਰੀ ਕਰ ਕੇ ਕਿਹਾ,''ਬੇੜੇ ਨਾਲ ਸੰਪਰਕ ਫਿਰ ਤੋਂ ਸਥਾਪਤ ਹੋ ਗਿਆ ਹੈ ਅਤੇ ਕੈਪਟਨ ਨੇ ਪੁਸ਼ਟੀ ਕੀਤੀ ਕਿ ਹਥਿਆਰਬੰਦ ਗਾਰਡ ਬੇੜੇ ਤੋਂ ਉੱਤਰ ਗਏ ਹਨ ਅਤੇ ਉਹ ਯਾਤਰਾ ਲਈ ਆਜ਼ਾਦ ਹਨ। ਕਰੂ ਮੈਂਬਰ ਸੁਰੱਖਿਅਤ ਅਤੇ ਠੀਕ ਹਨ।''


Related News