ਕੋਰੋਨਾ ਦਾ ਖੌਫ : ਈਰਾਨ ਨੇ ਰਿਹਾਅ ਕੀਤੇ 85,000 ਕੈਦੀ
Tuesday, Mar 17, 2020 - 03:41 PM (IST)
ਤੇਹਰਾਨ (ਬਿਊਰੋ): ਕੋਰੋਨਾਵਾਇਰਸ ਦੇ ਕਾਰਨ ਈਰਾਨ ਵਿਚ ਹੁਣ ਤੱਕ 14,991 ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 853 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਜਾਨਲੇਵਾ ਵਾਇਰਸ ਦੇ ਖੌਫ ਕਾਰਨ ਅੱਜ ਮਤਲਬ 17 ਮਾਰਚ ਨੂੰ ਈਰਾਨ ਨੇ 85 ਹਜ਼ਾਰ ਕੈਦੀਆਂ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਹੈ। ਈਰਾਨੀ ਨਿਆਂਪਾਲਿਕਾ ਦੇ ਇਕ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਰਾਜਨੀਤਕ ਕੈਦੀਆਂ ਸਮੇਤ ਲੱਗਭਗ 85,000 ਕੈਦੀਆਂ ਨੂੰ ਜੇਲ ਵਿਚੋਂ ਰਿਹਾਅ ਕਰ ਦਿੱਤਾ ਹੈ। ਗੌਰਤਲਬ ਹੈ ਕਿ ਈਰਾਨ ਦੀਆਂ ਜੇਲਾਂ ਵਿਚ ਵੱਡੀ ਗਿਣਤੀ ਵਿਚ ਕੈਦੀ ਬੰਦ ਹਨ। ਜੇਕਰ ਇੱਥੇ ਕੋਰੋਨਾ ਫੈਲਦਾ ਤਾਂ ਭਾਰੀ ਮੁਸੀਬਤ ਆ ਜਾਂਦੀ।
ਈਰਾਨ ਦੀ ਸਰਕਾਰ ਨੇ ਕਰੀਬ ਇਕ ਹਫਤੇ ਪਹਿਲਾਂ ਹੀ ਇਹ ਫੈਸਲਾ ਲਿਆ ਸੀ ਕਿ ਉਹ ਆਪਣੀਆਂ ਜੇਲਾਂ ਤੋਂ ਕੈਦੀਆਂ ਨੂੰ ਰਿਹਾਅ ਕਰੇਗਾ। ਈਰਾਨ ਦੀ ਸਰਕਾਰ ਨੇ ਇਹਨਾਂ 85,000 ਕੈਦੀਆਂ ਨੂੰ ਅਸਥਾਈ ਤੌਰ 'ਤੇ ਰਿਹਾਅ ਕੀਤਾ ਹੈ। ਈਰਾਨ ਦੀ ਨਿਆਂ ਪਾਲਿਕਾ ਦੇ ਬੁਲਾਰੇ ਘੋਲਮਹੁਸੈਨ ਇਸਮਾਇਲੀ ਨੇ ਕਿਹਾ,''ਜਿੰਨੇ ਵੀ ਕੈਦੀ ਸਨ ਉਹਨਾਂ ਵਿਚੋਂ 50 ਫੀਸਦੀ ਸੁਰੱਖਿਆ ਸੰਬੰਧੀ ਮਾਮਲਿਆਂ ਦੇ ਅਪਰਾਧੀ ਹਨ।'' ਘੋਲਮਹੁਸੈਨ ਨੇ ਇਹ ਵੀ ਕਿਹਾ ਕਿ ਜੇਲ ਵਿਚ ਬੰਦ ਅਤੇ ਛੱਡੇ ਜਾ ਰਹੇ ਕੈਦੀਆਂ ਦੇ ਵਿਚ ਝਗੜੇ ਨਾ ਹੋਣ ਇਸ ਲਈ ਵੀ ਅਸੀਂ ਤਿਆਰੀ ਕੀਤੀ ਹੋਈ ਹੈ। ਛੱਡੇ ਗਏ ਕੈਦੀਆਂ ਵਿਚ ਰਾਜਨੀਤਕ ਕੈਦੀ ਵੀ ਵੱਡੀ ਗਿਣਤੀ ਵਿਚ ਸ਼ਾਮਲ ਹਨ। 'ਸਿਕਓਰਿਟੀ ਪ੍ਰਿਜ਼ਨਰਜ਼' ਮਤਲਬ ਜਿਹੜੇ ਕੈਦੀਆਂ ਨੂੰ 5 ਸਾਲ ਤੋਂ ਜ਼ਿਆਦਾ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਜਾਣੋ ਕਿੰਨੇ ਸਮੇਂ ਤੱਕ ਜਿਉਂਦਾ ਰਹਿ ਸਕਦੈ ਕੋਰੋਨਾਵਾਇਰਸ
10 ਮਾਰਚ ਨੂੰ ਈਰਾਨ ਵਿਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਨੇ ਈਰਾਨ ਸਰਕਾਰ ਨੂੰ ਕਿਹਾ ਸੀ ਕਿ ਜੇਲਾਂ ਵਿਚ ਬੰਦ ਕੈਦੀਆਂ ਨੂੰ ਛੱਡ ਦਿੱਤਾ ਜਾਵੇ ਤਾਂ ਜੋ ਜੇਲਾਂ ਵਿਚ ਬੰਦ ਕੈਦੀਆਂ ਵਿਚੋਂ ਕਿਸੇ ਨੂੰ ਕੋਰੋਨਾ ਦਾ ਇਨਫੈਕਸ਼ਨ ਨਾ ਹੋਵੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਈਰਾਨ ਦੁਨੀਆ ਦਾ ਤੀਜਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਇਨਫੈਕਟਿਡ ਲੋਕ ਅਤੇ ਸਭ ਤੋਂ ਜ਼ਿਆਦਾ ਮੌਤਾਂ ਕੋਰੋਨਾਵਾਇਰਸ ਕਾਰਨ ਹੋਈਆਂ ਹਨ। ਇਸ ਦੇ ਉੱਪਰ ਇਟਲੀ ਅਤੇ ਚੀਨ ਹਨ।