ਇਪਸਾ ਵੱਲੋਂ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਨੂੰ ਕੀਤਾ ਗਿਆ ਯਾਦ

02/03/2020 2:38:55 PM

ਬ੍ਰਿਸਬੇਨ, ( ਸਤਵਿੰਦਰ ਟੀਨੂੰ )— ਆਸਟ੍ਰੇਲੀਆ ਦੀ ਨਿਰੰਤਰ ਕਾਰਜਸ਼ੀਲ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ' ਵੱਲੋਂ ਪਿਛਲੇ ਦੋ ਦਿਨਾਂ ਵਿੱਚ ਪੰਜਾਬੀ ਸਾਹਿਤ ਦੀਆਂ ਦੋ ਨਾਮਵਰ ਹਸਤੀਆਂ ਡਾ. ਦਲੀਪ ਕੌਰ ਟਿਵਾਣਾ ਅਤੇ ਸ. ਜਸਵੰਤ ਸਿੰਘ ਕੰਵਲ ਵਲੋਂ ਸਦੀਵੀਂ ਅਲਵਿਦਾ ਆਖ ਜਾਣ 'ਤੇ ਉਨ੍ਹਾਂ ਦੀ ਯਾਦ ਵਿੱਚ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਕ ਸੋਗ ਸਭਾ ਆਯੋਜਿਤ ਕੀਤੀ ਗਈ। ਜਿਸ ਵਿੱਚ ਦੋਵਾਂ ਸ਼ਖ਼ਸੀਅਤਾਂ ਦੇ ਵਡਮੁੱਲੇ ਯੋਗਦਾਨ ਬਾਰੇ ਰੌਸ਼ਨੀ ਪਾਈ ਗਈ ਅਤੇ ਦੋਵਾਂ ਵਿੱਛੜੇ ਸਾਹਿਤਕਾਰਾਂ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਥਾਨਕ ਲਾਇਬ੍ਰੇਰੀ ਵਿੱਚ ਬੋਲਦਿਆਂ ਇਪਸਾ ਦੇ ਸਕੱਤਰ ਸਰਬਜੀਤ ਸੋਹੀ ਨੇ ਡਾ. ਟਿਵਾਣਾ ਵਲੋਂ ਪੰਜਾਬੀ ਸਾਹਿਤ ਖਾਸਕਰ ਨਾਵਲ ਵਿੱਚ ਪਾਏ ਯੋਗਦਾਨ ਬਾਰੇ ਬੋਲਦਿਆਂ ਕਿਹਾ ਗਿਆ ਕਿ ਡਾ. ਦਲੀਪ ਕੌਰ ਟਿਵਾਣਾ ਨੇ ਮਹਿਲਾ ਲੇਖਿਕਾਵਾਂ ਵਿੱਚੋਂ ਸਭ ਤੋਂ ਵੱਧ ਗਲਪ ਰਚਨਾ ਕੀਤੀ ਹੈ ਅਤੇ ਔਰਤ ਦੇ ਅੰਤਰੀਵ ਮਨ ਦੀਆਂ ਗਹਿਰੀਆਂ ਪਰਤਾਂ ਦੀ ਪੇਸ਼ਕਾਰੀ ਕੀਤੀ ਹੈ। ਉਸ ਨੇ ਨਾਰੀਤਵ ਦੇ ਅਨੇਕਾਂ ਪੱਖਾਂ ਨੂੰ ਬੇਬਾਕੀ ਨਾਲ ਕਲਮਬੱਧ ਹੀ ਨਹੀਂ ਕੀਤਾ, ਸਗੋਂ ਪਾਤਰਾਂ ਵਿਚ ਰੂਹ ਭਰ ਕੇ ਉਨ੍ਹਾ ਨੂੰ ਅਮਰ ਕਰ ਦਿੱਤਾ ਹੈ। ਦਲੀਪ ਕੌਰ ਟਿਵਾਣਾ ਦੇ ਜਾਣ ਨਾਲ ਪੰਜਾਬੀ ਗਲਪ ਦਾ ਇਕ ਯੁੱਗ ਤੁਰ ਗਿਆ ਹੈ।

ਪੰਜਾਬੀ ਨਾਵਲ ਦੇ ਸ਼ਾਹ ਅਸਵਾਰ ਜਸਵੰਤ ਸਿੰਘ ਕੰਵਲ ਬਾਰੇ ਬੋਲਦਿਆਂ ਸਰਬਜੀਤ ਸੋਹੀ ਨੇ ਕਿਹਾ ਕਿ ਉਹ ਪੰਜਾਬੀ ਸਾਹਿਤ ਦਾ ਸੌ ਮੰਜ਼ਲਾ ਬੁਰਜ ਹੈ। ਉਸ ਨੇ ਪੰਜਾਬੀ ਮਨੋ ਧਰਾਤਲ ਦੇ ਵੱਤਰ ਨੂੰ ਵਾਚਦਿਆਂ, ਰਾਜਨੀਤਕ ਹਾਲਤਾਂ ਦੀ ਨਬਜ਼ ਨੂੰ ਟੋਹਦਿਆਂ, ਸਮਾਜਿਕ ਵਿਵਸਥਾ ਦੀਆਂ ਸੀਮਾਵਾਂ ਨੂੰ ਮਿਣਦਿਆਂ ਆਪਣੇ ਨਾਵਲਾਂ ਨੂੰ ਸਜੀਵਤਾ ਅਤੇ ਰੂਹਦਾਰੀ ਨਾਲ ਸਿਰਜਿਆ ਹੈ। ਜਸਵੰਤ ਕੰਵਲ ਦੇ ਨਾਵਲ ਅਧਿਐਨ ਕਮਰੇ ਵਿੱਚ ਚਿਤਵੇ ਕਿਆਸਾਂ/ਕਿਆਫ਼ਿਆਂ ਦੀ ਰੇਤ 'ਤੇ ਨਹੀਂ, ਉਸ ਦੇ ਆਪਣੇ ਸੱਜਰੇ ਅਤੇ ਮੌਲਿਕ ਅਨੁਭਵਾਂ ਦੀ ਪੁਖ਼ਤਾ ਬੁਨਿਆਦ 'ਤੇ ਖੜ੍ਹੇ ਹਨ। ਇਹ ਹਕੀਕਤ ਹੈ ਕਿ ਉਹ ਅਕਾਦਮਿਕ ਆਲੋਚਕਾਂ ਦੇ ਪਰਚਿਆਂ ਤੇ ਖੜ੍ਹਾ ਨਾਵਲਕਾਰ ਨਹੀਂ। ਉਹ ਮੌਜੂਦਾ ਦੌਰ ਦੇ ਦਰਜਨਾਂ ਵਾਰਤਕ ਲਿਖਣ ਵਾਲਿਆਂ ਦਾ ਅੱਜ ਵੀ ਆਦਰਸ਼ ਹੈ।

ਇਸ ਮੌਕੇ ਦੋਵਾਂ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਾਇਰ ਰੁਪਿੰਦਰ ਸੋਜ਼ ਨੇ ਜਸਵੰਤ ਕੰਵਲ ਨਾਲ ਹੋਈਆਂ ਮੁਲਾਕਾਤਾਂ ਅਤੇ ਕੰਵਲ ਦੀ ਜੀਵਨ ਸ਼ੈਲੀ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਦਲਵੀਰ ਹਲਵਾਰਵੀ ਨੇ ਡਾ. ਦਲੀਪ ਕੌਰ ਟਿਵਾਣਾ ਨਾਲ ਹੋਈ ਰੇਡੀਓ 'ਤੇ ਮੁਲਾਕਾਤ ਅਤੇ ਜਸਵੰਤ ਕੰਵਲ ਨਾਲ ਬਿਤਾਏ ਯਾਦਗਾਰੀ ਪਲ ਸਰੋਤਿਆਂ ਨਾਲ ਸਾਂਝੇ ਕੀਤੇ। ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਗੀਤਕਾਰ ਸੁਰਜੀਤ ਸੰਧੂ ਅਤੇ ਹਰਜੀਤ ਕੌਰ ਸੰਧੂ ਨੇ ਵਿੱਛੜੀਆਂ ਹਸਤੀਆਂ ਨੂੰ ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਾਇਰ ਜਸਵੰਤ ਵਾਗਲਾ ਨੇ ਉਸਤਾਦ ਗੁਰਦਿਆਲ ਰੌਸ਼ਨ ਨਾਲ ਜਸਵੰਤ ਕੰਵਲ ਦੀਆਂ ਸਿਮਰਤੀਆਂ ਨੂੰ ਸਾਂਝਿਆਂ ਕੀਤਾ ਅਤੇ ਉਨ੍ਹਾਂ ਵੱਲੋਂ ਜਸਵੰਤ ਕੰਵਲ ਨੂੰ ਸਮਰਪਿਤ ਕਰਕੇ ਲਿਖੀ ਇਕ ਗ਼ਜ਼ਲ ਪੇਸ਼ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਾਹਲ, ਤਰਸੇਮ ਸਿੰਘ ਸਹੋਤਾ, ਅਜਾਇਬ ਸਿੰਘ ਵਿਰਕ, ਆਤਮਾ ਸਿੰਘ ਹੇਅਰ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।


Related News