ਇਪਸਾ ਵੱਲੋਂ ਬ੍ਰਿਸਬੇਨ ''ਚ ਮੰਗਲ ਹਠੂਰ ਦਾ ਰੂਬਰੂ, ਸਨਮਾਨ ਅਤੇ ਗਾਇਨ ਸਮਾਗਮ ਆਯੋਜਿਤ
Sunday, Mar 13, 2022 - 10:55 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ (ਇਪਸਾ) ਵੱਲੋਂ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਜਾਬ ਤੋਂ ਆਏ ਨਾਮਵਰ ਗੀਤਕਾਰ ਮੰਗਲ ਹਠੂਰ ਦਾ ਵਿਸ਼ੇਸ਼ ਪ੍ਰੋਗਰਾਮ (ਮਹਿਫ਼ਲ ਏ
ਮੰਗਲ) ਰਚਾਇਆ ਗਿਆ ਅਤੇ ਮੰਗਲ ਹਠੂਰ ਨੂੰ ਉਸਦੀ ਪੰਜਾਬੀ ਗਾਇਕੀ ਵਿਚ ਉਸਾਰੂ ਲੇਖਣੀ, ਪਰਿਵਾਰਕ ਅਤੇ ਸੱਭਿਆਚਾਰਿਕ ਗੀਤਾਂ ਰਾਹੀਂ ਪਾਏ ਗਏ ਉੱਚ ਪਾਏ ਦੇ ਗੀਤਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਗਲੈਂਡ ਵਾਸੀ ਲੇਖਕ ਮਹਿੰਦਰ ਸਿੰਘ ਦਿਲਬਰ ਦੀ ਕਿਤਾਬ (ਇਕ ਸੀ ਸਾਜ਼ੀਆ) ਕੈਨੇਡਾ ਵੱਸਦੇ ਗ਼ਜ਼ਲਗੋ ਇੰਦਰਜੀਤ ਧਾਮੀ ਦੀ ਕਿਤਾਬ (ਮਲਕੜੇ ਪੱਬ) ਅਤੇ ਗੀਤਕਾਰ ਮੰਗਲ ਹਠੂਰ ਦੀ ਕਿਤਾਬ (ਗ਼ੁੱਸੇ ਗਿਲੇ) ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਵਿਚ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਦੀ ਸੇਵਾ ਕਰਨ ਵਾਲੇ ਧਾਮੀ ਪਰਿਵਾਰ ਦੇ ਮੈਂਬਰ ਇਕਬਾਲ ਸਿੰਘ ਧਾਮੀ ਨੂੰ ਇਪਸਾ ਵੱਲੋਂ ਵਿਸ਼ੇਸ਼ ਐਵਾਰਡ ਆਫ਼ ਆਨਰ ਦਿੱਤਾ ਗਿਆ।ਮਹਿਫ਼ਲ-ਏ-ਮੰਗਲ ਦਾ ਆਗਾਜ਼ ਬ੍ਰਿਸਬੇਨ ਦੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਨਾਲ ਜੁੜੇ ਨਾਮਵਰ ਚਿਹਰਿਆਂ ਦੀ ਸਟੇਜ ਤੇ ਹਾਜ਼ਰੀ ਨਾਲ ਹੋਇਆ। ਇਸ ਮੌਕੇ ਗੀਤਕਾਰ ਸੁਰਜੀਤ ਸੰਧੂ, ਲੋਕ ਗਾਇਕ ਹੈਪੀ ਚਾਹਲ, ਮੀਤ ਧਾਲੀਵਾਲ, ਆਤਮਾ ਹੇਅਰ, ਕੰਵਲ ਢਿੱਲੋਂ, ਤੇਜਿੰਦਰ ਭੰਗੂ, ਗੁਰਜੀਤ ਬਾਰੀਆ, ਅਮਨਦੀਪ ਕੌਰ ਟੱਲੇਵਾਲ, ਅਤੇ ਰਾਜਦੀਪ ਲਾਲੀ ਆਦਿ ਗਾਇਕਾਂ ਨੇ ਬਹੁਤ ਖ਼ੂਬਸੂਰਤ ਗੀਤਾਂ ਨਾਲ ਮਾਹੌਲ ਬੰਨ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਮੈਰੀਲੈਂਡ ਗੁਰੂ ਘਰ 'ਚ ਬਸੰਤ ਕੀਰਤਨ ਦਰਬਾਰ 13 ਮਾਰਚ ਦਿਨ ਐਤਵਾਰ ਨੂੰ ਹੋਵੇਗਾ
ਦਲਵੀਰ ਹਲਵਾਰਵੀ ਜੀ ਨੇ ਮਹਿੰਦਰ ਸਿੰਘ ਦਿਲਬਰ ਦੀ ਕਿਤਾਬ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਗਾਇਨ ਸਮਾਗਮ 'ਚ ਮੰਗਲ ਹਠੂਰ ਨੇ ਸਟੇਜ 'ਤੇ ਆਉਂਦਿਆਂ ਹੀ ਆਪਣੇ ਰੰਗ ਵਿਚ ਰੰਗਦਿਆ ਮਹਿਫਲ ਨੂੰ ਸਿਖਰਾਂ 'ਤੇ ਪਹੁੰਚਾ ਕੇ ਖੂਬ ਵਾਹ ਵਾਹ ਖੱਟੀ। ਇਕ ਤੋਂ ਬਾਅਦ ਇਕ ਖ਼ੂਬਸੂਰਤ ਗੀਤ ਪੇਸ਼ ਕਰਦਿਆਂ ਮੰਗਲ ਹਠੂਰ ਨੇ ਪ੍ਰੋਗਰਾਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ। ਇਸ ਮੌਕੇ ਮੌਜੂਦ ਸਰੋਤਿਆਂ ਤੋਂ ਇਲਾਵਾ ਵਿਚ ਇਪਸਾ ਪ੍ਰਧਾਨ ਰੁਪਿੰਦਰ ਸੋਜ਼, ਬਿਕਰਮਜੀਤ ਸਿੰਘ ਚੰਦੀ, ਮੀਤ ਪ੍ਰਧਾਨ ਪਾਲ ਰਾਊਕੇ, ਪਰਮਜੀਤ ਵਿਰਕ, ਗੁਰਵਿੰਦਰ ਖੱਟੜਾ, ਪੱਤਰਕਾਰ ਪੁਸ਼ਪਿੰਦਰ ਤੂਰ, ਕਮਲਦੀਪ ਸਿੰਘ ਬਾਜਵਾ, ਦੀਪਇੰਦਰ ਸਿੰਘ, ਸ਼ਮਸ਼ੇਰ ਸਿੰਘ ਚੀਮਾ, ਜਗਸੀਰ ਦੁਸਾਂਝ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।