38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਉਦਘਾਟਨੀ ਸਮਾਰੋਹ ਨਾਲ ਹੋਈਆਂ ਸ਼ੁਰੂ
Friday, Apr 03, 2026 - 04:42 PM (IST)
ਮੈਲਬੌਰਨ (ਰਮਨ ਸੋਢੀ/ਮਨਦੀਪ ਸਿੰਘ ਸੈਣੀ) : ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਹੋ ਰਹੀਆਂ 38ਵੀਆਂ ਸਾਲਾਨਾ ਤਿੰਨ ਦਿਨਾਂ ਸਿੱਖ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਪਾਰਕਵਿਲੇ ਦੇ ਖੇਡ ਮੈਦਾਨ ਵਿਚ ਰਸਮੀ ਮਾਰਚ ਪਾਸਟ ਨਾਲ ਹੋਇਆ ਜਿਸ ਵਿਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਸਮੇਤ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਖੇਡਾਂ ਵਿਚ ਕਬੱਡੀ, ਫੁੱਟਬਾਲ, ਨੈੱਟਬਾਲ, ਹਾਕੀ, ਕ੍ਰਿਕਟ, ਬਾਸਕਟਬਾਲ, ਵਾਲੀਬਾਲ ਆਦਿ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਇਸ ਮੌਕੇ ਹਾਜ਼ਰ ਸਥਾਨਕ ਸੰਸਦ ਮੈਂਬਰਾਂ, ਆਸਟਰੇਲੀਆਈ ਸਰਕਾਰ ਦੇ ਨੁਮਾਇੰਦਿਆਂ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਬੰਧਕਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਇਨ੍ਹਾਂ ਖੇਡਾਂ ਦਾ ਆਨੰਦ ਮਾਨਣ ਲਈ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਕੈਨਬਰਾ, ਸਿਡਨੀ, ਐਡੀਲੇਡ, ਪਰਥ ਅਤੇ ਬ੍ਰਿਸਬੇਨ ਤੋਂ ਵੀ ਖੇਡ ਪ੍ਰੇਮੀ ਅਤੇ ਦਰਸ਼ਕ ਪਹੁੰਚ ਰਹੇ ਹਨ।

ਖੇਡਾਂ ਵਿਚ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਪੰਜਾਬੀ ਸਟਾਲ ਖਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸੱਭਿਆਚਾਰਕ ਸਟੇਜ ‘ਤੇ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਸਥਾਨਕ ਨਵੀਂ ਪੀੜੀ ਦੇ ਆਪਣੇ ਵਿਰਸੇ ਪ੍ਰਤੀ ਪ੍ਰੇਮ ਨੂੰ ਦਰਸਾ ਰਹੀ ਹੈ। ਕਬੱਡੀ ਦੇ ਮੈਦਾਨ ਵਿਚ ਪਹਿਲੇ ਦਿਨ ਹੀ ਦਰਸ਼ਕਾਂ ਦੀ ਕਾਫੀ ਭੀੜ ਵੇਖਣ ਨੂੰ ਮਿਲੀ ਨਾਲ ਹੀ ਸਾਕਰ, ਹਾਕੀ ਤੇ ਵਾਲੀਬਾਲ ਸਣੇ ਨੈੱਟਬਾਲ ਮੁਕਾਬਲਿਆਂ ਵਿਚ ਵੀ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ। ਸਥਾਨਕ ਲੋਕਾਂ ਵੱਲੋਂ ਦਰਸ਼ਕਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਸਿੱਖ ਖੇਡਾਂ ਦਾ ਇਤਿਹਾਸ
ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਸਿਰਫ਼ ਖੇਡਾਂ ਨਹੀਂ, ਬਲਕਿ ਇਹ ਇਕ ਅਜਿਹਾ ਮੰਚ ਹਨ ਜਿੱਥੇ ਖੇਡ, ਸੱਭਿਆਚਾਰ ਅਤੇ ਸੇਵਾ ਇਕੱਠੇ ਨਜ਼ਰ ਆਉਂਦੇ ਹਨ। ਇਹ ਸਮਾਗਮ ਦੁਨੀਆ ਨੂੰ ਸਿੱਖ ਕੌਮ ਦੀ ਏਕਤਾ ਅਤੇ ਪਛਾਣ ਦਿਖਾਉਂਦਾ ਹੈ। ਇਹ ਖੇਡਾਂ ਸਿੱਖਾਂ ਦੀ ਏਕਤਾ ਨੂੰ ਮਜ਼ਬੂਤ ਕਰਦੀਆਂ ਹਨ, ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਦੀਆਂ ਹਨ ਤੇ ਮਲਟੀਕਲਚਰਲ ਆਸਟ੍ਰੇਲੀਆ ਦੀ ਝਲਕ ਦਿੰਦੀਆਂ ਹਨ । ਇਨ੍ਹਾਂ ਖੇਡਾਂ ਦਾ ਆਗਾਜ਼ 1988 ਵਿਚ ਹੋਇਆ ਸੀ। ਇਹ ਆਸਟ੍ਰੇਲੀਆ ਦੀ ਸਿੱਖ ਕਮਿਊਨਿਟੀ ਦਾ ਸਭ ਤੋਂ ਵੱਡਾ ਖੇਡ ਅਤੇ ਸੱਭਿਆਚਾਰਕ ਮੇਲਾ ਹੈ। ਹਰ ਸਾਲ Easter Weekend ਦੌਰਾਨ ਵੱਖ-ਵੱਖ ਸ਼ਹਿਰਾਂ ਵਿਚ ਕਰਵਾਇਆ ਜਾਂਦਾ ਹੈ। ਇਸ ਵਿਚ ਹਜ਼ਾਰਾਂ ਖਿਡਾਰੀ ਅਤੇ ਲੱਖਾਂ ਦਰਸ਼ਕ ਸ਼ਾਮਲ ਹੁੰਦੇ ਹਨ। ਖੇਡਾਂ ਦੀ ਮਹੱਤਤਾ ਇਸ ਕਦਰ ਵਧੀ ਹੈ ਕਿ ਇਨ੍ਹਾਂ ਨੂੰ ਮਿੰਨੀ ਸਿੱਖ ਓਲੰਪਿਕਸ ਵੀ ਕਿਹਾ ਜਾਂਦਾ ਹੈ।

ਇਸ ਮੌਕੇ ‘ਤੇ ਬੋਲਦਿਆਂ ਸਿੱਖ ਖੇਡਾਂ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਤੇ ਰੁਪਿੰਦਰ ਬਰਾੜ ਨੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਢਿੱਲੋਂ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਤੋਂ ਬਿਨਾਂ ਅਜਿਹੇ ਖੇਡ ਮੇਲੇ ਉਲੀਕਣੇ ਬੇਹੱਦ ਔਖੇ ਹਨ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਖੇਡੇ ਮੇਲੇ ਦੇ ਸਹਿਯੋਗੀਆਂ ਲਈ ਧੰਨਵਾਦ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
