ਇਪਸਾ ਵੱਲੋਂ ਦਸਵਾਂ ਹਰਭਜਨ ਹਲਵਾਰਵੀ ਪੁਰਸਕਾਰ ਡਾ. ਚਮਨ ਲਾਲ ਨੂੰ
Friday, Apr 03, 2026 - 02:03 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਪੰਜਾਬੀ ਜ਼ੁਬਾਨ ਦਾ ਹਿੰਦੀ ਅਤੇ ਊਰਦੂ ਨਾਲ ਇਕ ਇਤਿਹਾਸਕ ਅਤੇ ਵਿਚਾਰਧਾਰਕ ਅੰਤਰ-ਸਬੰਧ ਹੈ। ਇਹ ਭੂਗੋਲਿਕ ਸੀਮਾਵਾਂ ਅਤੇ ਸੱਤਾ ਦੁਆਰਾ ਭਾਸ਼ਾਵਾਂ ਦੀ ਰਾਜਨੀਤਕ ਕਤਾਰਬੰਦੀ ਕੀਤੇ ਜਾਣ ਦੇ ਬਾਵਜੂਦ ਬਹੁਤ ਠੋਸ ਅਤੇ ਗਹਿਰਾ ਹੈ। ਬਸਤੀਵਾਦੀ ਦੌਰ ਤੋਂ ਹੀ ਕੁਝ ਪੰਜਾਬੀ ਚਿੰਤਕ ਅਤੇ ਲੇਖਕ ਤਿੰਨ ਨਹੀਂ ਤਾਂ ਕਮ ਸੇ ਕਮ ਦੋਵਾਂ ਭਾਸ਼ਾਵਾਂ ਵਿਚ ਸਿਰਜਣਾ ਕਰਦੇ ਆ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਦਲੇ ਹੋਏ ਪ੍ਰਬੰਧਕੀ ਅਤੇ ਰਾਜਨੀਤਿਕ ਮਾਹੌਲ ਵਿਚ ਵੀ ਇਹਨਾਂ ਤਿੰਨਾਂ ਭਾਸ਼ਾਵਾਂ ਵਿਚ ਅਨੁਵਾਦ, ਅਧਿਐਨ ਅਤੇ ਸਿਰਜਣਾ ਦੇ ਪੱਖ ਨਿਰੰਤਰ ਆਦਾਨ-ਪ੍ਰਦਾਨ ਚੱਲਦਾ ਆ ਰਿਹਾ ਹੈ। ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਕੁਝ ਵਿਦਵਾਨ ਕੜੀਆਂ ਦਾ ਕੰਮ ਕਰਦੇ ਆ ਰਹੇ ਹਨ, ਜਿਨ੍ਹਾਂ ਵਿਚ ਇਕ ਬਹੁਤ ਹੀ ਸਤਿਕਾਰਤ ਨਾਮ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਅਕਾਦਮਿਕ ਮਾਹਰ ਅਤੇ ਇਤਿਹਾਸਕਾਰ ਡਾ. ਚਮਨ ਲਾਲ ਜੀ ਦਾ ਹੈ। ਉਹਨਾਂ ਦੇ ਹੁਣ ਤਕ ਦੇ ਕਾਰਜ ਬਹੁ-ਪੱਖੀ, ਬਹੁ-ਭਾਸ਼ਾਈ ਅਤੇ ਮੁਲਵਾਨ ਹਨ। ਦਿੱਲੀ ਵਿਚ ਰਹਿੰਦਿਆਂ ਜਿੱਥੇ ਉਹ ਪੰਜਾਬ ਦੀ ਵਿਦਰੋਹੀ ਸੋਚ ਦੇ ਧਾਰਕ ਹਨ, ਉੱਥੇ ਸਮੁੱਚੇ ਦੇਸ਼ ਦੀ ਸਿਆਸੀ ਫ਼ਜ਼ਾ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੇ ਦਸਤਾਵੇਜ਼ਾਂ ਦੇ ਸਿਰਜਕ ਅਤੇ ਅਨੁਵਾਦਕ ਹਨ।
ਸ਼ਹੀਦ ਭਗਤ ਸਿੰਘ ਬਾਰੇ ਹਿੰਦੀ ਭਾਸ਼ਾ ਉਹਨਾਂ ਦੀ ਖੋਜ, ਅਨੁਵਾਦ ਅਤੇ ਸੰਕਲਨ ਬਹੁਤ ਹੀ ਮਹੱਤਵਪੂਰਨ ਹਨ। ਆਪਣੀ ਉਮਰ ਦਾ ਇੱਕ ਵੱਡਾ ਹਿੱਸਾ ਉਹਨਾਂ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ, ਉਪਰਾਲਿਆਂ ਅਤੇ ਕੁਰਬਾਨੀਆਂ ਤੇ ਆਧਾਰਿਤ ਖੋਜ ਕਰਨ ਵਿਚ ਬਿਤਾਇਆ ਹੈ। ਇਸ ਬਾਬਤ ਉਹਨਾਂ ਬਹੁਤ ਸਾਰੇ ਯਤਨ ਕਰਦਿਆਂ ਨਾ ਸਿਰਫ ਇਕ ਸੰਪਾਦਕ ਜਾਂ ਅਨੁਵਾਦਕ ਦਾ ਫਰਜ਼ ਨਿਭਾਇਆ ਹੈ, ਸਗੋਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪੁਨਰ ਪਰਿਭਾਸ਼ਿਤ ਕਰਦਿਆਂ ਵਰਤਮਾਨ ਵਿਚ ਸਥਾਪਤੀ ਦੇ ਪਰਸਪਰ ਇਕ ਲੜਾਕੂ ਅਤੇ ਚੇਤੰਨ ਕੇਂਦਰ ਬਿੰਦੂ ਸਿਰਜਿਆ ਹੈ। ਇਹ ਕੇਂਦਰ ਬਿੰਦੂ ਸ਼ਹੀਦ ਭਗਤ ਸਿੰਘ ਭਾਸ਼ਾ/ਭੂਗੋਲ ਦੇ ਦਾਇਰੇ ਤੋਂ ਮੁਕਤ ਪਹਿਚਾਣ ਦਿੰਦਿਆਂ ਆਜ਼ਾਦ ਭਾਰਤ ਦੀ ਰਾਜਨੀਤਕ ਗ਼ਲਾਜ਼ਤ ਦੇ ਖਿਲਾਫ਼ ਉਸ ਨੂੰ ਇਕ ਸਮਰੱਥ ਨਾਇਕ ਵਜੋਂ ਪੇਸ਼ ਕਰਦਾ ਹੈ।
ਡਾ. ਚਮਨ ਲਾਲ ਨੇ ਆਪਣੀ ਜ਼ਿੰਦਗੀ ਦਾ ਪੌਣੀ ਸਦੀ ਦਾ ਸਫ਼ਰ ਸਿਰਫ ਇਕ ਯੂਨੀਵਰਸਿਟੀ ਪ੍ਰੋਫੈਸਰ ਵਜੋਂ ਨਹੀਂ, ਇੱਕ ਦੋ ਪੈਰਾਂ ਤੇ ਤੁਰੀ ਫਿਰਦੀ ਸੰਸਥਾ ਵਜੋਂ ਗੁਜ਼ਾਰਿਆ ਹੈ। ਉਹਨਾਂ ਨੇ ਪੰਜਾਬ ਦੇ ਪ੍ਰਗਤੀਸ਼ੀਲ ਸਾਹਿਤ ਨੂੰ ਹਿੰਦੀ ਦੇ ਪਾਠਕਾਂ ਤੀਕ ਪੁੱਜਦਾ ਕਰਦਿਆਂ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਸਿਰਮੌਰ ਸ਼ਾਇਰ ਪਾਸ਼ ਅਤੇ ਡਾ. ਸੁਰਜੀਤ ਪਾਤਰ ਤੇ ਉਹਨਾਂ ਨੇ ਬਹੁਤ ਵਡਮੁੱਲਾ ਕਾਰਜ ਕੀਤਾ ਹੈ। ਇਸ ਤੋਂ ਇਲਾਵਾ ਦਰਜਨਾਂ ਮੌਲਿਕ ਅਤੇ ਅਨੁਵਾਦਿਤ ਪੁਸਤਕਾਂ ਨਾਲ ਉਹਨਾਂ ਹਿੰਦੀ ਵਿਚ ਇਕ ਵਿਚਾਰਧਾਰਕ ਧਰੋਹਰ ਸਾਂਭ ਦਿੱਤੀ ਹੈ। ਇਕ ਲੇਖਕ ਵਜੋਂ, ਇਕ ਸੰਪਾਦਕ ਜਾਂ ਅਨੁਵਾਦਕ ਵਜੋਂ ਹੀ ਨਹੀਂ— ਇੱਕ ਪ੍ਰਤਿਬੱਧ ਆਗੂ ਵਜੋਂ ਵੀ ਉਹਨਾਂ ਭਾਰਤੀ ਲੋਕ-ਮੁਹਾਜ਼ਾਂ ਵਿੱਚ ਸ਼ਮੂਲੀਅਤ ਕਰਦਿਆਂ ਸਦਾ ਹੀ ਪਿਛਾਖੜ ਅਤੇ ਕੱਟੜਪੰਥੀ ਧਿਰਾਂ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਹੈ। ਇਪਸਾ ਆਸਟ੍ਰੇਲੀਆ ਵੱਲੋਂ ਇਸ ਵਾਰ ਦਸਵਾਂ ਹਰਭਜਨ ਹਲਵਾਰਵੀ ਯਾਦਗਾਰੀ ਅਤੇ ਇਸ ਲੜੀ ਦਾ ਅੰਤਮ ਪੁਰਸਕਾਰ ਦਿੰਦਿਆਂ ਬਹੁਤ ਹੀ ਮਾਣ ਨਾਲ ਡਾ. ਚਮਨ ਲਾਲ ਦੀ ਦਾ ਨਾਮ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ ਹੈ। ਡਾ. ਚਮਨ ਲਾਲ ਦਾ ਨਾਮ ਇਸ ਪੁਰਸਕਾਰ ਨਾਲ ਨਿਵਾਜੀਆਂ ਗਈਆਂ ਪਹਿਲੀਆਂ ਹਸਤੀਆਂ ਦੀ ਕਤਾਰ ਵਿੱਚ ਯੋਗਤਾ, ਮਾਨਤਾ ਅਤੇ ਪ੍ਰਵਾਨਗੀ ਦਾ ਪੂਰਾ ਹੱਕਦਾਰ ਹੈ। ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪੈ ਦੀ ਰਾਸ਼ੀ, ਇੱਕ ਦੁਸ਼ਾਲਾ ਅਤੇ ਸਨਮਾਨ ਪੱਤਰ ਸਬੰਧਤ ਸ਼ਖਸੀਅਤ ਨੂੰ ਦਿੱਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਪੁਰਸਕਾਰ ਪ੍ਰੋ. ਗੁਰਭਜਨ ਗਿੱਲ (2018) ਸਾਥੀ ਜਤਿੰਦਰ ਪੰਨੂ (2019) ਸਾਥੀ ਦਰਸ਼ਨ ਖਟਕੜ (2020) ਹੰਸਾ ਸਿੰਘ ਨਾਟਕਕਾਰ (2021) ਡਾ. ਅਰਵਿੰਦਰ ਕਾਕੜਾ (2021) ਸੰਤ ਸਿੰਘ ਸੰਧੂ (2022) ਡਾ. ਅਨੂਪ ਸਿੰਘ (2023) ਕਹਾਣੀਕਾਰ ਜਿੰਦਰ (2024) ਡਾ. ਮੋਹਨ ਤਿਆਗੀ (2025) ਨੂੰ ਦਿੱਤਾ ਜਾ ਚੁੱਕਾ ਹੈ। ਇਹ ਸਮਾਗਮ 2018 ਵਿੱਚ ਮਰਹੂਮ ਹਰਭਜਨ ਹਲਵਾਰਵੀ ਜੀ ਦੇ ਜੱਦੀ ਪਿੰਡ ਹਲਵਾਰਾ ਤੋਂ ਸ਼ੁਰੂ ਹੋਇਆ ਸੀ, ਪਰ ਪ੍ਰਬੰਧਕੀ ਕਾਰਨਾਂ ਕਰਕੇ ਇਸ ਸਮਾਗਮ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤਬਾਦਲਾ ਕਰਨਾ ਪਿਆ ਸੀ। ਇਸ ਵਾਰ ਮਿਤੀ 6 ਅਪ੍ਰੈਲ ਦਿਨ ਸੋਮਵਾਰ ਨੂੰ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਨਿਗਰਾਨੀ ਤਹਿਤ ਇਹ ਸਨਮਾਨ ਸਮਾਰੋਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮੂਹ ਲੋਕ ਹਿਤੈਸ਼ੀ ਧਿਰਾਂ ਅਤੇ ਲੇਖਕ ਦਾਇਰੇ ਨੂੰ ਹਾਜ਼ਰੀ ਲਈ ਬੇਨਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
