ਮੈਲਬੌਰਨ ''ਚ 2 ਅਕਤੂਬਰ ਤੋਂ 5 ਅਕਤੂਬਰ ਤੱਕ ਖੇਡਿਆ ਜਾਵੇਗਾ ਇੰਟਰਨੈਸ਼ਨਲ ਹਾਕੀ ਕੱਪ

Saturday, Sep 20, 2025 - 04:20 PM (IST)

ਮੈਲਬੌਰਨ ''ਚ 2 ਅਕਤੂਬਰ ਤੋਂ 5 ਅਕਤੂਬਰ ਤੱਕ ਖੇਡਿਆ ਜਾਵੇਗਾ ਇੰਟਰਨੈਸ਼ਨਲ ਹਾਕੀ ਕੱਪ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਇੰਟਰਨੈਸ਼ਨਲ ਹਾਕੀ ਕੱਪ 2025 ਇਸ ਵਾਰ 2 ਅਕਤੂਬਰ ਤੋਂ 5 ਅਕਤੂਬਰ ਤੱਕ ਮੈਲਬੌਰਨ ਸਪੋਰਟਸ ਸੈਂਟਰ ਪਾਰਕਵਿਲ ਵਿਖੇ ਖੇਡਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਟੂਰਨਾਮੈਂਟ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਚੌਥੀ ਵਾਰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਮਰਦਾਂ ਦੇ ਵਰਗ ਵਿੱਚ ਕੁਲ 8 ਟੀਮਾਂ ਅਤੇ ਔਰਤਾਂ ਦੇ ਵਰਗ ਵਿੱਚ 4 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਮੈਚਾਂ ਦਾ ਲਾਈਵ ਟੈਲੀਕਾਸਟ ਯੂ-ਟਿਊਬ ਚੈਨਲ 'ਤੇ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਲੀਗ ਕਮ ਨਾਕਆਊਟ ਦੇ ਆਧਾਰ 'ਤੇ ਖੇਡਿਆ ਜਾਵੇਗਾ। ਮਰਦਾਂ ਦੀਆਂ 8 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ਏ ਵਿੱਚ ਨਿਊ ਸਾਊਥ ਵੇਲਜ਼ ਲਾਇਨਜ਼, ਮੈਲਬਰਨ ਵਾਰੀਅਰਜ਼, ਲਾਹੌਰ ਸੁਲਤਾਨਜ਼ ਅਤੇ ਸ਼ੈਪਰਟਨਜ਼ ਅਕੈਡਮੀ ਦੀਆਂ ਟੀਮਾਂ ਹੋਣਗੀਆਂ, ਜਦਕਿ ਪੂਲ ਬੀ ਵਿਚ ਐਡੀਲੇਡ ਸਿੱਖਜ਼, ਨਿਊਜ਼ੀਲੈਂਡ ਹੈਰੀਟੇਜ਼, ਪੰਜਾਬ ਜਾਇੰਟਸ ਅਤੇ ਬੌਬੀ ਅਕੈਡਮੀ ਦੀਆਂ ਟੀਮਾਂ ਹੋਣਗੀਆਂ। ਮਰਦਾਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲੇ 4 ਅਕਤੂਬਰ ਨੂੰ ਦੇਰ ਸ਼ਾਮ ਖੇਡੇ ਜਾਣਗੇ, ਜਦਕਿ ਫਾਈਨਲ ਮੁਕਾਬਲਾ 5 ਅਕਤੂਬਰ ਨੂੰ ਦੇਰ ਸ਼ਾਮ ਨੂੰ ਖੇਡਿਆ ਜਾਵੇਗਾ।

ਔਰਤਾਂ ਦੇ ਵਰਗ ਵਿੱਚ 4 ਟੀਮਾਂ ਵਿੱਚ ਨਿਊ ਸਾਊਥ ਵੇਲਜ਼ ਲਾਇਨਜ਼, ਨਿਊਜ਼ੀਲੈਂਡ ਹੈਰੀਟੇਜ਼, ਪੰਜਾਬ ਵਾਰੀਅਰਜ਼ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ। ਲੀਗ ਦੌਰ ਵਿੱਚ ਪਹਿਲੇ 2 ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ਵਿਚ ਪ੍ਰਵੇਸ਼ ਕਰਨਗੀਆਂ। ਫਾਈਨਲ ਮੁਕਾਬਲਾ 5 ਅਕਤੂਬਰ ਨੂੰ ਦੇਰ ਸ਼ਾਮ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਰੁਪਿੰਦਰ ਪਾਲ ਸਿੰਘ ਅਤੇ ਓਲੰਪਿਕ ਵਿਚ 2 ਵਾਰ ਕਾਂਸੀ ਦਾ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਗੁਰਜੰਟ ਸਿੰਘ ਵੀ ਇਸ ਟੂਰਨਾਮੈਂਟ ਵਿੱਚ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਇਸ ਤੋਂ ਇਲਾਵਾ ਪੰਜਾਬ ਦੀਆਂ ਔਰਤਾਂ ਦੀ ਟੀਮ ਪਹਿਲੀ ਵਾਰ ਆਸਟ੍ਰੇਲੀਆ ਦੀ ਧਰਤੀ 'ਤੇ ਖੇਡ ਦਿਖਾਵੇਗੀ, ਜਿਸ ਦੀ ਕਪਤਾਨੀ ਓਲੰਪੀਅਨ ਗੁਰਜੀਤ ਕੌਰ ਕਰੇਗੀ।

ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਲਈ ਅੰਤਰਰਾਸ਼ਟਰੀ ਅੰਪਾਇਰਾਂ ਦਾ ਪੈਨਲ ਹੋਵੇਗਾ, ਜਿਨ੍ਹਾਂ ਵਿੱਚ ਨੀਦਰਲੈਂਡ ਦੇ ਐੱਫ.ਆਈ.ਐੱਚ. ਅੰਪਾਇਰ ਆਫ ਦਾ ਯੀਅਰ ਰਹੇ ਕੋਇਨ ਡੀ ਵੈਂਡਰ ਤੋਂ ਇਲਾਵਾ ਆਸਟਰੇਲੀਆ ਦੇ ਸਟੀਵ ਰੋਜ਼ਰਸ, ਪਾਕਿਸਤਾਨ ਦੇ ਅੰਤਰਰਾਸ਼ਟਰੀ ਅੰਪਾਇਰ ਹਮੀਦ ਅਤੇ ਭਾਰਤ ਦੇ ਅੰਤਰਰਾਸ਼ਟਰੀ ਅੰਪਾਇਰ ਗੁਰਬਾਜ ਸਿੰਘ ਸ਼ਾਮਲ ਹਨ। ਦਰਸ਼ਕਾਂ ਲਈ ਇਸ ਟੂਰਨਾਮੈਂਟ ਲਈ ਦਾਖਲਾ ਬਿਲਕੁਲ ਮੁਫਤ ਹੈ। ਭਾਰਤ ਦੀ ਪ੍ਰਸਿੱਧ ਹਾਕੀ ਸਟਿੱਕ ਬਣਾਉਣ ਵਾਲੀ ਕੰਪਨੀ ਅਲਫਾ ਵਲੋਂ ਹਰ ਮੈਚ ਦੌਰਾਨ ਬੇਹਤਰੀਨ ਖਿਡਾਰੀ ਅਤੇ ਖਿਡਾਰਣ ਨੂੰ ਹਾਕੀ ਸਟਿੱਕ ਨਾਲ ਸਨਮਾਨਿਤ ਕੀਤਾ ਜਾਵੇਗਾ। ਫਾਈਨਲ ਵਾਲੇ ਦਿਨ ਜਿਥੇ ਜੂਨੀਅਰ ਬੱਚਿਆਂ ਦੇ ਮੁਕਾਬਲੇ ਹੋਣਗੇ, ਉਥੇ ਨਾਲ ਹੀ ਬੱਚਿਆਂ ਵਲੋਂ ਪੰਜਾਬੀਆਂ ਦੀ ਸ਼ਾਨ ਭੰਗੜੇ ਨਾਲ ਵੀ ਧਮਾਲਾਂ ਪਾਈਆਂ ਜਾਣਗੀਆਂ।


author

cherry

Content Editor

Related News