ਨਿਊਜ਼ੀਲੈਂਡ ''ਚ ਕੁਦਰਤ ਦਾ ਕਹਿਰ: ਮੋਹਲੇਧਾਰ ਮੀਂਹ ਮਗਰੋਂ 2 ਥਾਵਾਂ ''ਤੇ ਖਿਸਕੀ ਜ਼ਮੀਨ, 2 ਲੋਕਾਂ ਦੀ ਮੌਤ

Thursday, Jan 22, 2026 - 04:26 PM (IST)

ਨਿਊਜ਼ੀਲੈਂਡ ''ਚ ਕੁਦਰਤ ਦਾ ਕਹਿਰ: ਮੋਹਲੇਧਾਰ ਮੀਂਹ ਮਗਰੋਂ 2 ਥਾਵਾਂ ''ਤੇ ਖਿਸਕੀ ਜ਼ਮੀਨ, 2 ਲੋਕਾਂ ਦੀ ਮੌਤ

ਵੈਲਿੰਗਟਨ/ਮੇਲਬੌਰਨ (ਏਜੰਸੀ) : ਨਿਊਜ਼ੀਲੈਂਡ ਦੇ ਉੱਤਰੀ ਟਾਪੂ 'ਤੇ ਮੋਹਲੇਧਾਰ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। 2 ਵੱਖ-ਵੱਖ ਥਾਵਾਂ 'ਤੇ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ਕਾਰਨ ਇੱਕ ਘਰ ਅਤੇ ਕੈਂਪਿੰਗ ਸਾਈਟ ਮਲਬੇ ਹੇਠ ਦੱਬੇ ਗਏ, ਜਿਸ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।

ਤੜਕਸਾਰ ਮੌਤ ਬਣ ਕੇ ਡਿੱਗਿਆ ਮਲਬਾ

ਪੁਲਸ ਮੁਤਾਬਕ ਜ਼ਮੀਨ ਖਿਸਕਣ ਦੀ ਪਹਿਲੀ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 4:50 ਵਜੇ ਵਾਪਰੀ। ਵੈਲਕਮ ਬੇਅ ਇਲਾਕੇ ਵਿੱਚ ਪਹਾੜੀ ਤੋਂ ਡਿੱਗਿਆ ਮਲਬਾ ਇੱਕ ਘਰ ਦੇ ਉੱਪਰ ਜਾ ਡਿੱਗਿਆ। ਐਮਰਜੈਂਸੀ ਪ੍ਰਬੰਧਨ ਮੰਤਰੀ ਮਾਰਕ ਮਿਸ਼ੇਲ ਨੇ ਦੱਸਿਆ ਕਿ ਘਰ ਵਿੱਚ ਮੌਜੂਦ ਦੋ ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਅੰਦਰ ਫਸੇ 2 ਹੋਰ ਵਿਅਕਤੀਆਂ ਦੀਆਂ ਲਾਸ਼ਾਂ ਕਈ ਘੰਟਿਆਂ ਬਾਅਦ ਬਰਾਮਦ ਕੀਤੀਆਂ ਗਈਆਂ।

ਹਾਲੀਡੇ ਪਾਰਕ 'ਤੇ ਡਿੱਗੀ ਪਹਾੜੀ, ਕਈ ਗੱਡੀਆਂ ਦੱਬੀਆਂ

ਦੂਜੀ ਘਟਨਾ ਮਾਊਂਟ ਮਾਉਂਗਾਨੁਈ ਦੇ ਤਲ 'ਤੇ ਵਾਪਰੀ, ਜਿੱਥੇ ਮਲਬਾ ਇੱਕ ਮਸ਼ਹੂਰ ਬੀਚਸਾਈਡ ਹਾਲੀਡੇ ਪਾਰਕ ਉੱਤੇ ਡਿੱਗ ਗਿਆ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਭਿਆਨਕ ਮੰਜ਼ਰ ਪੇਸ਼ ਕਰ ਰਹੀਆਂ ਹਨ, ਜਿੱਥੇ ਕਈ ਗੱਡੀਆਂ, ਟ੍ਰੈਵਲ ਟ੍ਰੇਲਰ ਅਤੇ ਇੱਕ ਸੁਵਿਧਾ ਕੇਂਦਰ ਮਲਬੇ ਹੇਠ ਪੂਰੀ ਤਰ੍ਹਾਂ ਦੱਬ ਚੁੱਕੇ ਹਨ। 

ਖੋਜੀ ਕੁੱਤਿਆਂ ਦੀ ਲਈ ਜਾ ਰਹੀ ਮਦਦ

ਮੰਤਰੀ ਮਿਸ਼ੇਲ ਨੇ ਦੱਸਿਆ ਕਿ ਪੀੜਤਾਂ ਦੀ ਭਾਲ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਆਏ ਹੜ੍ਹ ਦੇ ਪਾਣੀ ਵਿੱਚ ਵੀ ਇੱਕ ਵਿਅਕਤੀ ਦੇ ਵਹਿ ਜਾਣ ਦੀ ਖ਼ਬਰ ਹੈ।

ਪ੍ਰਧਾਨ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਰਾਬ ਮੌਸਮ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਸੁਰੱਖਿਆ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।


author

cherry

Content Editor

Related News