ਪਾਕਿ ਦੀ ਮਦਦ ਲਈ ਅੱਗੇ ਆਇਆ ਕੌਮਾਂਤਰੀ ਭਾਈਚਾਰਾ, ਕੀਤਾ 8.57 ਅਰਬ ਡਾਲਰ ਹੜ੍ਹ ਮਦਦ ਦਾ ਵਾਅਦਾ

Tuesday, Jan 10, 2023 - 12:21 PM (IST)

ਇਸਲਾਮਾਬਾਦ/ਜਿਨੇਵਾ- ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਪਿਛਲੇ ਸਾਲ ਆਏ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਜਲਵਾਯੂ ਦੇ ਲਿਹਾਜ਼ ਨਾਲ ਜੁਝਾਰੂ ਤਰੀਕੇ ਨਾਲ ਮੁੜ ਨਿਰਮਾਣ 'ਚ ਮਦਦ ਲਈ ਕੌਮਾਂਤਰੀ ਭਾਈਚਾਰੇ ਨੇ 8.5 ਅਰਬ ਡਾਲਰ ਤੋਂ ਵੱਧ ਦੀ ਮਦਦ ਦਾ ਵਾਅਦਾ ਕੀਤਾ ਹੈ। ਪਾਕਿਸਤਾਨ 'ਚ ਪਿਛਲੇ ਸਾਲ ਆਏ ਵਿਨਾਸ਼ਕਾਰੀ ਹੜ੍ਹ 'ਚ 1,739 ਲੋਕ ਮਾਰੇ ਗਏ ਸਨ ਅਤੇ 3.3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ।
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਜਿਨੇਵਾ 'ਚ ਜਲਵਾਯੂ ਪਰਿਵਰਤਨ ਦੇ ਸੰਬੰਧ 'ਚ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਗਲੇ ਤਿੰਨ ਸਾਲਾਂ 'ਚ 8 ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਮੰਗੀ। ਸ਼ਰੀਫ ਨੇ ਕਿਹਾ ਕਿ ਦੇਸ਼ 'ਚ ਯੋਜਨਾ ਤੋਂ ਪਹਿਲੇ ਹਿੱਸੇ 'ਚ ਮੁਆਵਜ਼ੇ ਅਤੇ ਪੁਨਰ ਨਿਰਮਾਣ ਨੂੰ ਧਿਆਨ 'ਚ ਰੱਖਦੇ ਹੋਏ ਘੱਟੋ-ਘੱਟ 16.3 ਅਰਬ ਡਾਲਰ ਦੀ ਲੋੜ ਹੈ। ਇਸ 'ਚੋਂ ਅੱਧੀ ਰਕਮ ਘਰੇਲੂ ਸਰੋਤਾਂ ਤੋਂ ਪ੍ਰਾਪਤ ਹੋਵੇਗੀ ਅਤੇ ਅੱਧੀ ਵਿਦੇਸ਼ੀ ਸਰੋਤਾਂ ਤੋਂ।
ਪਾਕਿਸਤਾਨ ਦਾ ਅੰਦਾਜ਼ਾ ਹੈ ਕਿ ਪਿਛਲੇ ਤਿੰਨ ਦਹਾਕਿਆਂ 'ਚ ਆਏ ਸਭ ਤੋਂ ਭਿਆਨਕ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਉਸ ਨੂੰ ਲਗਭਗ 30 ਅਰਬ ਡਾਲਰ ਦੀ ਲੋੜ ਹੋਵੇਗੀ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਸੰਮੇਲਨ ਦਾ ਪਹਿਲਾ ਪੂਰਨ ਸੈਸ਼ਨ ਅੰਤਰਰਾਸ਼ਟਰੀ ਭਾਈਚਾਰੇ ਦੀ ਉਦਾਰਤਾ ਪੂਰਨ ਪ੍ਰਤੀਕਿਰਿਆ ਨਾਲ ਸਮਾਪਤ ਹੋਇਆ।
ਉਨ੍ਹਾਂ ਨੇ ਟਵੀਟ ਕੀਤਾ ਕਿ ਯੂਰਪੀਅਨ ਯੂਨੀਅਨ ਨੇ 9.3 ਕਰੋੜ ਡਾਲਰ ਦਾ, ਜਰਮਨੀ ਨੇ 8.8 ਕਰੋੜ ਡਾਲਰ ਦਾ, ਚੀਨ ਨੇ 10 ਕਰੋੜ ਡਾਲਰ ਦਾ, ਇਸਲਾਮਿਕ ਵਿਕਾਸ ਬੈਂਕ ਨੇ 4.2 ਅਰਬ ਡਾਲਰ ਦਾ, ਵਿਸ਼ਵ ਬੈਂਕ ਨੇ 2 ਅਰਬ ਡਾਲਰ ਦਾ, ਜਾਪਾਨ ਨੇ 7.7 ਕਰੋੜ ਡਾਲਰ, ਏਸ਼ੀਆਈ ਵਿਕਾਸ ਬੈਂਕ 1.5 ਅਰਬ ਡਾਲਰ, ਯੂ ਐੱਸ ਐਡ ਨੇ 10 ਕਰੋੜ ਡਾਲਰ ਅਤੇ ਫਰਾਂਸ ਨੇ 34.5 ਕਰੋੜ ਡਾਲਰ ਦੀ ਸਹਾਇਤਾ ਦਾ ਵਾਅਦਾ ਕੀਤਾ। 
ਉਨ੍ਹਾਂ ਕਿਹਾ ਕਿ ਹੁਣ ਤੱਕ 8.57 ਅਰਬ ਡਾਲਰ ਦੀ ਕੁੱਲ ਸਹਾਇਤਾ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਵਿਸ਼ੇਸ਼ ਨੀਤੀ ਅਤੇ ਰਣਨੀਤਕ ਸੰਚਾਰ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਫਹਦ ਹੁਸੈਨ ਨੇ ਸੰਯੁਕਤ ਰਾਸ਼ਟਰ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਜਿਨੇਵਾ ਸੰਮੇਲਨ 'ਚ ਲਗਭਗ 7.2 ਅਰਬ ਡਾਲਰ ਦੀ ਸਹਾਇਤਾ ਤੈਅ ਹੋਈ ਹੈ।
ਜਿਨੇਵਾ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਦੀ ਸੰਯੁਕਤ ਮੇਜ਼ਬਾਨੀ ਦਾ ਉਦੇਸ਼ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਮੁੜ ਵਸੇਬੇ ਅਤੇ ਪੁਨਰ ਨਿਰਮਾਣ ਲਈ ਫੰਡ ਇਕੱਠਾ ਕਰਨਾ ਹੈ। ਗੁਤਾਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਪਾਕਿਸਤਾਨ ਨੂੰ ਹੜ੍ਹ ਤੋਂ ਉਭਰਨ 'ਚ ਮਦਦ  ਲਈ ਵੱਡੇ ਪੱਧਰ 'ਤੇ ਨਿਵੇਸ਼ ਦੇ ਲਈ ਕਿਹਾ।


Aarti dhillon

Content Editor

Related News