ਆਸਟ੍ਰੇਲੀਆ ''ਚ ਕੌਮਾਂਤਰੀ ਮਾਂ-ਬੋਲੀ ਦਿਵਸ ਦੌਰਾਨ ''ਪੰਜਾਬੀ'' ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਿਆ
Monday, Feb 21, 2022 - 10:15 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਇਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ, ਮਾਝਾ ਯੂਥ ਕਲੱਬ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਇੰਡੋਜ ਟੀ.ਵੀ ਅਤੇ ਰੇਡੀਓ 4ਈਬੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ-ਬੋਲੀ ਦਿਵਸ ਸਾਂਝੇ ਤੌਰ 'ਤੇ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਦੇ ਐਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ ਵਿਖੇ ਮਨਾਇਆ ਗਿਆ। ਰਸ਼ਪਾਲ ਹੇਅਰ ਨੇ ਸਵਾਗਤੀ ਭਾਸ਼ਣ ਨਾਲ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੋ ਪਰ ਮਾਂ-ਬੋਲੀ ਨਾਲ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ। ਉਨ੍ਹਾਂ
ਮਾਂ-ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਪੰਜਾਬੀ ਮਾਂ-ਬੋਲੀ ਦਾ ਮੂਲ ਅਧਾਰ, ਵਿਸ਼ਵ ਵਿੱਚ ਪੰਜਾਬੀ ਬੋਲੀ ਦਾ ਫੈਲਾਅ ਅਤੇ ਮਾਂ-ਬੋਲੀ ਨਾਲ ਜੁੜੇ ਮੋਜੂਦਾ ਅਤੇ ਭਵਿੱਖੀ ਸਰੋਕਾਰਾਂ ਬਾਰੇ ਚਿੰਤਨ ਕਰਦਿਆਂ ਕਿਹਾ ਕਿਹਾ ਕਿ ਸਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਪੰਜਾਬੀ ਭਾਸ਼ਾ, ਪੰਜਾਬੀ ਵਿਰਾਸਤ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਗੁਰਵਿੰਦਰ ਕੌਰ ਦੀ ਅਗਵਾਈ 'ਚ ਮਾਝਾ ਪੰਜਾਬੀ ਸਕੂਲ ਦੇ ਬੱਚਿਆਂ ਨੇ ਪੰਜਾਬੀ ਵਿੱਚ ਗੀਤ ਕਵਿਤਾਵਾਂ, ਸ਼ਬਦ ਗਾਇਨ ਨਾਲ ਬਾਕਮਾਲ ਪੇਸ਼ਕਾਰੀ ਕੀਤੀ।
ਪੰਜਾਬ ਤੋਂ ਬ੍ਰਿਸਬੇਨ ਆਏ ਹੋਏ ਮਸ਼ਹੂਰ ਸ਼ਾਇਰ ਬਲਵਿੰਦਰ ਸਿੰਘ ਸੰਧੂ ਅਤੇ ਗੀਤਕਾਰ ਨਿਰਮਲ ਸਿੰਘ ਦਿਉਲ ਨੇ ਉਚੇਚੇ ਤੌਰ 'ਤੇ ਸਮਾਗਮ ਵਿੱਚ ਹਾਜ਼ਰੀ ਭਰੀ ਤੇ ਆਪਣੀਆ ਲਿਖੀਆਂ ਰਚਨਾਵਾਂ ਨਾਲ ਹਾਜ਼ਰੀਨ ਨਾਲ ਸਾਂਝ ਪਾਈ। ਲਹਿੰਦੇ ਪੰਜਾਬ ਤੋਂ ਅਦਬੀ ਕੌਂਸਲ ਪਾਕਿਸਤਾਨ (ਆਸਟ੍ਰੇਲੀਆ) ਦੇ ਪ੍ਰਧਾਨ ਸ਼ੋਏਬ ਜ਼ੈਦੀ ਅਤੇ ਆਸਟ੍ਰੇਲੀਅਨ ਪਾਕਿਸਤਾਨੀ ਨੈਸ਼ਨਲ ਐਸ਼ੋਸੀਏਸ਼ਨ ਦੇ ਨੁਮਾਇੰਦੇ ਡਾ. ਅਮਰ ਤਨਵੀਰ ਨੇ ਲਹਿੰਦੇ-ਚੜ੍ਹਦੇ ਪੰਜਾਬ ਦੀ ਆਪਸੀ ਸਾਂਝ, ਮੁਹੱਬਤ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ। ਹਰਮਨਦੀਪ ਗਿੱਲ, ਵਰਿੰਦਰ ਅਲੀਸ਼ੇਰ, ਸੁਰਿੰਦਰ ਸਿੰਘ ਸਕੱਤਰ, ਹਰਪ੍ਰੀਤ ਸਿੰਘ ਕੋਹਲੀ, ਹਰਜੀਤ ਲਸਾੜਾ, ਦਲਜੀਤ ਸਿੰਘ, ਹਰਕੀ ਵਿਰਕ, ਬਹਾਦਰ ਸਿੰਘ, ਰਣਜੀਤ ਸਿੰਘ ਗਿੱਲ, ਪ੍ਰਭ ਸਿਮਰਨ ਕੌਰ, ਜਗਦੀਪ ਸਿੰਘ, ਗੁਰਵਿੰਦਰ ਕੌਰ, ਬਲਰਾਜ ਸੰਧੂ ਨੇ ਪੰਜਾਬੀ ਮਾਂ-ਬੋਲੀ ਦੇ ਸੰਦਰਭ ਬਾਰੇ ਲੇਖ ਪੜ੍ਹਦਿਆ ਵਿਚਾਰ ਪੇਸ਼ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ - ਖੁਸ਼ਖ਼ਬਰੀ : ਆਸਟ੍ਰੇਲੀਆ ਨੇ ਦੋ ਸਾਲਾਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ
ਦਿਨੇਸ਼ ਸ਼ੇਖਪੁਰੀ, ਵਰਿੰਦਰ ਅਲੀਸ਼ੇਰ, ਪੁਸ਼ਕਰ, ਪਰਮਿੰਦਰ ਸਿੰਘ, ਰੀਤੀਕਾ ਆਹੀਰ ਨੇ ਕਵਿਤਾਵਾਂ ਅਤੇ ਸ਼ੇਅਰਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਬਹਾਦਰ ਸਿੰਘ ਨੇ ਪੰਜਾਬੀ ਬੋਲੀ ਤੇ ਲਿਖੀ ਕਿਤਾਬ 'ਤੇ ਸੰਖੇਪ ਵਿੱਚ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਲੋਗਨ ਰੋਡ ਦੇ ਪ੍ਰਧਾਨ ਸ. ਧਰਮਪਾਲ ਸਿੰਘ ਜੀ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ ਵਿੱਚ ਮਾਂ-ਬੋਲੀ ਪੰਜਾਬੀ, ਧਰਮ ਤੇ ਵਿਰਸੇ ਦੇ ਪਸਾਰ ਲਈ ਅਜਿਹੇ ਉੱਦਮਾਂ ਲਈ ਪ੍ਰੇਰਿਤ ਕੀਤਾ। ਰੀਤੀਕਾ ਆਹੀਰ ਅਤੇ ਪਰਮਿੰਦਰ ਸਿੰਘ ਵਲੋਂ ਮੰਚ ਦਾ ਬਾਖੂਬੀ ਨਾਲ ਸੰਚਾਲਨ ਕੀਤਾ ਗਿਆ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਅਤੇ ਤਾਸਮਨ ਅਦਾਰੇ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।