ਇਸ ਦੇਸ਼ ''ਚ ਵਿਆਹ ਤੋਂ ਪਹਿਲਾਂ ਕਰਨਾ ਪਵੇਗਾ ਕੋਰਸ, ਫੇਲ ਹੋਣ ਵਾਲੇ ਰਹਿਣਗੇ ਛੜੇ

11/28/2019 2:12:19 PM

ਜਕਾਰਤਾ— ਕਹਿੰਦੇ ਨੇ ਕਿ ਵਿਆਹ ਦਾ ਲੱਡੂ ਜੋ ਖਾਂਦਾ ਹੈ ਉਹ ਵੀ ਪਛਤਾਉਂਦਾ ਹੈ ਤੇ ਜਿਹੜਾ ਨਹੀਂ ਖਾਂਦਾ ਉਹ ਵੀ। ਲੋਕਾਂ ਦਾ ਕਹਿਣਾ ਹੈ ਕਿ ਵਿਆਹ ਜ਼ਿੰਦਗੀ ਬਦਲ ਦਿੰਦਾ ਹੈ ਤੇ ਇੰਡੋਨੇਸ਼ੀਆ ਵਿਆਹ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਖਾਸ ਕਦਮ ਚੁੱਕ ਰਿਹਾ ਹੈ। ਅਸਲ 'ਚ ਇੱਥੇ ਸਰਕਾਰ ਪ੍ਰੀ-ਵੈਡਿੰਗ ਕੋਰਸ ਸ਼ੁਰੂ ਕਰਵਾਉਣ ਜਾ ਰਹੀ ਹੈ। ਇਸ 'ਚ ਵਿਆਹ ਕਰਨ ਜਾ ਰਹੇ ਜੋੜਿਆਂ ਨੂੰ ਵਿਆਹ ਦੇ ਬਾਅਦ ਜ਼ਿੰਦਗੀ 'ਚ ਹੋਣ ਵਾਲੇ ਬਦਲਾਵਾਂ ਬਾਰੇ ਸਿੱਖਿਅਤ ਕੀਤਾ ਜਾਵੇਗਾ। ਕੋਰਸ 'ਚ ਸਿਹਤ ਦਾ ਧਿਆਨ ਰੱਖਣ, ਬੀਮਾਰੀਆਂ ਤੋਂ ਬਚਣ ਤੇ ਬੱਚਿਆਂ ਦੀ ਦੇਖ-ਭਾਲ ਦੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਇਹ ਜੋੜੇ ਸਫਲ ਵਿਆਹੁਤਾ ਜ਼ਿੰਦਗੀ ਨੂੰ ਜੀਅ ਸਕਣ। ਵਿਆਹ ਲਾਇਕ ਉਮਰ ਹੋਣ 'ਤੇ ਸਾਰੇ ਨੌਜਵਾਨਾਂ ਲਈ ਇਹ ਕੋਰਸ ਜ਼ਰੂਰੀ ਹੈ। ਫੇਲ ਹੋਣ ਵਾਲਿਆਂ ਨੂੰ ਸਰਕਾਰ ਵਿਆਹ ਦਾ ਅਧਿਕਾਰ ਨਹੀਂ ਦੇਵੇਗੀ ਭਾਵ ਛੜਿਆਂ ਦੀ ਗਿਣਤੀ ਵਧ ਸਕਦੀ ਹੈ।

ਇੰਡੋਨੇਸ਼ੀਆ ਦੇ ਅਖਬਾਰ 'ਜਕਾਰਤਾ ਪੋਸਟ' ਮੁਤਾਬਕ,''ਇਹ ਕੋਰਸ 2020 'ਚ ਸ਼ੁਰੂ ਹੋਵੇਗਾ ਅਤੇ ਮੁਫਤ 'ਚ ਕਰਵਾਇਆ ਜਾਵੇਗਾ। ਤਿੰਨ ਮਹੀਨੇ ਦਾ ਇਹ ਕੋਰਸ ਇੰਡੋਨੇਸ਼ੀਆ ਦੇ ਮਨੁੱਖੀ ਵਿਕਾਸ ਅਤੇ ਭਾਈਚਾਰਕ ਮੰਤਰਾਲੇ ਨੇ ਧਾਰਮਿਕ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਤਿਆਰ ਕੀਤਾ ਹੈ। ਸਿਹਤ ਵਿਭਾਗ ਦੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਪਹਿਲਾਂ ਵੀ ਵਿਭਾਗ ਵਿਆਹ ਲਾਇਕ ਨੌਜਵਾਨਾਂ ਨੂੰ ਇਹ ਕੋਰਸ ਕਰਵਾਉਂਦਾ ਰਿਹਾ ਹੈ ਪਰ ਇਸ ਵਾਰ ਇਹ ਪੂਰੇ ਦੇਸ਼ 'ਚ ਲਾਗੂ ਕੀਤਾ ਜਾ ਰਿਹਾ ਹੈ। ਇੰਡੋਨੇਸ਼ੀਆ ਦੇ ਮਨੁੱਖੀ ਵਿਕਾਸ ਮੰਤਰੀ ਮੁਹਾਜਿਰ ਨੇ ਕਿਹਾ ਕਿ ਕੋਰਸ ਜ਼ਰੂਰੀ ਇਸ ਲਈ ਕੀਤਾ ਹੈ ਤਾਂ ਕਿ ਲੋਕ ਵਿਆਹ ਦੇ ਬਾਅਦ ਪੂਰੀ ਤਰ੍ਹਾਂ ਜ਼ਿੰਮੇਵਾਰ ਰਹਿਣ।


Related News