7.7 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਇੰਡੋਨੇਸ਼ੀਆ: ਸੁਨਾਮੀ ਦੀ ਚਿਤਾਵਨੀ ਜਾਰੀ, ਘਰਾਂ ''ਚੋਂ ਨਿਕਲ ਬਾਹਰ ਭੱਜੇ ਲੋਕ

Saturday, Aug 15, 2026 - 06:44 AM (IST)

7.7 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਇੰਡੋਨੇਸ਼ੀਆ: ਸੁਨਾਮੀ ਦੀ ਚਿਤਾਵਨੀ ਜਾਰੀ, ਘਰਾਂ ''ਚੋਂ ਨਿਕਲ ਬਾਹਰ ਭੱਜੇ ਲੋਕ

ਜਕਾਰਤਾ : ਪੂਰਬੀ ਇੰਡੋਨੇਸ਼ੀਆ ਦੇ ਫਲੋਰਸ ਟਾਪੂ 'ਤੇ ਸ਼ਨੀਵਾਰ ਸਵੇਰੇ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.7 ਮਾਪੀ ਗਈ, ਜਿਸ ਕਾਰਨ ਅਧਿਕਾਰੀਆਂ ਨੇ ਤੁਰੰਤ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ। ਭੂਚਾਲ ਦੇ ਡਰੋਂ ਤੱਟਵਰਤੀ ਇਲਾਕਿਆਂ ਦੇ ਸੈਂਕੜੇ ਲੋਕ ਘਰਾਂ 'ਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜ ਗਏ।

ਹਸਪਤਾਲ ਤੋਂ ਭੱਜੇ ਮਰੀਜ਼, ਕੰਧਾਂ 'ਚ ਆਈਆਂ ਤਰੇੜਾਂ

ਯੂਐੱਸ ਜੀਓਲੌਜੀਕਲ ਸਰਵੇ (ਯੂਐੱਸਜੀਐੱਸ) ਅਤੇ ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਭੂਚਾਲ ਦਾ ਕੇਂਦਰ ਫਲੋਰਸ ਟਾਪੂ ਦੇ ਉੱਤਰੀ ਤੱਟ ਤੋਂ ਦੂਰ ਸੀ, ਜੋ ਕਿ ਐਂਡੇ ਸ਼ਹਿਰ ਤੋਂ ਲਗਭਗ 68 ਕਿਲੋਮੀਟਰ (42 ਮੀਲ) ਉੱਤਰ-ਪੱਛਮ ਵਿੱਚ ਸਥਿਤ ਸੀ। ਮੁੱਖ ਭੂਚਾਲ ਤੋਂ ਬਾਅਦ ਖੇਤਰ ਵਿੱਚ ਕਈ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 6.1 ਦਰਜ ਕੀਤੀ ਗਈ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕਾਂ ਵਿੱਚ ਕਾਫੀ ਦਹਿਸ਼ਤ ਫੈਲ ਗਈ। ਹਸਪਤਾਲ ਦੇ 31 ਸਾਲਾ ਕਰਮਚਾਰੀ ਲੁਕਾਸ ਲੋਟਾਰ ਨੇ ਦੱਸਿਆ, "ਅਚਾਨਕ ਜ਼ਮੀਨ ਹਿੱਲਣ ਲੱਗੀ ਅਤੇ ਮੈਂ ਘਬਰਾ ਗਿਆ। ਇਹ ਇੱਕ ਵੱਡਾ ਭੂਚਾਲ ਸੀ, ਜਿਸ ਕਾਰਨ ਮਰੀਜ਼ ਹਸਪਤਾਲ ਤੋਂ ਭੱਜ ਗਏ। ਮੈਂ ਹਸਪਤਾਲ ਦੀਆਂ ਕੁਝ ਕੰਧਾਂ ਵਿੱਚ ਤਰੇੜਾਂ ਪੈਂਦੀਆਂ ਵੀ ਦੇਖੀਆਂ।''

0.5 ਤੋਂ 3 ਮੀਟਰ ਤੱਕ ਉੱਠ ਸਕਦੀਆਂ ਹਨ ਸੁਨਾਮੀ ਦੀਆਂ ਲਹਿਰਾਂ

ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ (BMKG) ਨੇ ਚਿਤਾਵਨੀ ਦਿੱਤੀ ਹੈ ਕਿ ਭੂਚਾਲ ਖਤਰਨਾਕ ਸਮੁੰਦਰੀ ਲਹਿਰਾਂ ਨੂੰ ਪੈਦਾ ਕਰ ਸਕਦਾ ਹੈ। BMKG ਦੇ ਭੂਚਾਲ ਅਤੇ ਸੁਨਾਮੀ ਡਿਵੀਜ਼ਨ ਦੇ ਡਾਇਰੈਕਟਰ ਵਿਜਯੰਤੋ ਨੇ ਕਿਹਾ ਕਿ ਭੂਚਾਲ ਵਿੱਚ ਪੂਰਬੀ ਨੂਸਾ ਟੇਂਗਾਰਾ, ਦੱਖਣੀ ਸੁਲਾਵੇਸੀ ਅਤੇ ਪੱਛਮੀ ਨੂਸਾ ਟੇਂਗਾਰਾ ਪ੍ਰਾਂਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੁਨਾਮੀ ਪੈਦਾ ਕਰਨ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਤੱਟਵਰਤੀ ਖੇਤਰਾਂ ਵਿੱਚ 0.5 ਮੀਟਰ ਤੋਂ 3 ਮੀਟਰ (1.6 ਤੋਂ 9.8 ਫੁੱਟ) ਤੱਕ ਦੀਆਂ ਸੰਭਾਵੀ ਸੁਨਾਮੀ ਲਹਿਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਫਲੋਰਸ ਟਾਪੂ 'ਤੇ ਮੌਮੇਰੇ ਸ਼ਹਿਰ ਵਿੱਚ ਸਮੁੰਦਰ ਦਾ ਪਾਣੀ ਘੱਟਦਾ ਦੇਖਿਆ ਗਿਆ ਹੈ, ਜੋ ਕਿ ਸੰਭਾਵੀ ਸੁਨਾਮੀ ਦਾ ਸਪੱਸ਼ਟ ਸੰਕੇਤ ਹੈ। ਲੋਕ ਆਪਣੀ ਜਾਨ ਬਚਾਉਣ ਲਈ ਤੇਜ਼ੀ ਨਾਲ ਉੱਚੀਆਂ ਥਾਵਾਂ ਵੱਲ ਵਧ ਰਹੇ ਹਨ।

ਨੁਕਸਾਨ ਦੀਆਂ ਤਸਵੀਰਾਂ ਆਈਆਂ ਸਾਹਮਣੇ 

ਇੰਡੋਨੇਸ਼ੀਆਈ ਟੈਲੀਵਿਜ਼ਨ 'ਤੇ ਪ੍ਰਸਾਰਿਤ ਰਿਪੋਰਟਾਂ ਵਿੱਚ ਸੈਂਕੜੇ ਲੋਕਾਂ ਨੂੰ ਨਾਗੇਕੇਓ ਰੀਜੈਂਸੀ ਵਿੱਚ ਵੀ ਸੁਰੱਖਿਅਤ ਥਾਵਾਂ ਵੱਲ ਭੱਜਦੇ ਦਿਖਾਇਆ ਗਿਆ। ਟੀਵੀ ਫੁਟੇਜ ਵਿੱਚ ਕੁਝ ਨੁਕਸਾਨੀਆਂ ਗਈਆਂ ਇਮਾਰਤਾਂ ਦਾ ਵੀ ਖੁਲਾਸਾ ਹੋਇਆ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਜਾਨ-ਮਾਲ ਦੇ ਵੱਡੇ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ, ਤੱਟਵਰਤੀ ਖੇਤਰਾਂ ਵਿੱਚ 19 ਤੋਂ 30 ਸੈਂਟੀਮੀਟਰ ਦੇ ਵਿਚਕਾਰ ਸੁਨਾਮੀ ਲਹਿਰਾਂ ਦਰਜ ਕੀਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News