ਇੰਡੋਨੇਸ਼ੀਆ ''ਚ ਭਾਰੀ ਬਾਰਿਸ਼ ਮਗਰੋਂ ਲੈਂਡਸਲਾਈਡ ਨੇ ਢਾਹਿਆ ਕਹਿਰ ! 21 ਲੋਕਾਂ ਦੀ ਮੌਤ, ਦਰਜਨਾਂ ਲਾਪਤਾ
Saturday, Jan 24, 2026 - 04:38 PM (IST)
ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਹੋਈ ਲੈਂਡਸਲਾਈਡ ਨੇ ਵੱਡੀ ਤਬਾਹੀ ਮਚਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਆਫ਼ਤ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80 ਤੋਂ ਵੱਧ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ।
ਇਹ ਹਾਦਸਾ ਪੱਛਮੀ ਜਾਵਾ ਸੂਬੇ ਦੇ ਪੱਛਮੀ ਬਾਂਡੁੰਗ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਤੜਕਸਾਰ ਲਗਭਗ 2:00 ਤੋਂ 2:30 ਵਜੇ ਦੇ ਕਰੀਬ ਵਾਪਰਿਆ। ਮੂਸਲਾਧਾਰ ਬਾਰਿਸ਼ ਤੋਂ ਬਾਅਦ ਪਹਾੜੀ ਖੇਤਰਾਂ ਤੋਂ ਆਏ ਪਾਣੀ ਅਤੇ ਮਲਬੇ ਨੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਅਨੁਸਾਰ, ਹੁਣ ਤੱਕ 21 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਆਫ਼ਤ ਕਾਰਨ 34 ਪਰਿਵਾਰ ਪ੍ਰਭਾਵਿਤ ਹੋਏ ਹਨ ਅਤੇ ਕਈ ਘਰ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਏ ਹਨ। ਹੜ੍ਹਾਂ ਅਤੇ ਲੈਂਡਸਲਾਈਡ ਕਾਰਨ ਤਿੰਨ ਮੁੱਖ ਪੁਲ, ਇੱਕ ਡੈਮ ਅਤੇ ਲਗਭਗ 25 ਘਰ ਨਸ਼ਟ ਹੋ ਗਏ ਹਨ।
ਸਥਾਨਕ ਪ੍ਰਸ਼ਾਸਨ, ਫੌਜ, ਪੁਲਿਸ ਅਤੇ ਵਲੰਟੀਅਰਾਂ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਬਚਾਅ ਕਰਮੀ ਮਲਬੇ ਦੀ ਖੁਦਾਈ ਕਰਨ ਲਈ ਵਾਟਰ ਪੰਪਾਂ ਅਤੇ ਨਿਗਰਾਨੀ ਲਈ ਡਰੋਨਾਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ, ਲਗਾਤਾਰ ਹੋ ਰਹੀ ਬਾਰਿਸ਼ ਅਤੇ ਅਸਥਿਰ ਮਿੱਟੀ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਖੇਤਰ ਵਿੱਚ ਜੰਗਲਾਂ ਦੀ ਕਟਾਈ ਕਾਰਨ ਮਿੱਟੀ ਦੀ ਪਕੜ ਕਮਜ਼ੋਰ ਹੋ ਗਈ ਹੈ, ਜੋ ਅਜਿਹੀਆਂ ਘਟਨਾਵਾਂ ਦਾ ਇੱਕ ਮੁੱਖ ਕਾਰਨ ਬਣੀ ਹੈ। ਇੰਡੋਨੇਸ਼ੀਆ ਵਿੱਚ ਅਕਤੂਬਰ ਤੋਂ ਮਾਰਚ ਤੱਕ ਬਾਰਿਸ਼ ਦੇ ਮੌਸਮ ਦੌਰਾਨ ਹੜ੍ਹ ਅਤੇ ਲੈਂਡਸਲਾਈਡ ਦੀਆਂ ਘਟਨਾਵਾਂ ਆਮ ਹਨ। ਪੱਛਮੀ ਜਾਵਾ ਖੇਤਰ ਵਿੱਚ 30 ਅਪ੍ਰੈਲ ਤੱਕ ਖ਼ਰਾਬ ਮੌਸਮ ਅਤੇ ਹੜ੍ਹਾਂ ਸਬੰਧੀ 'ਹਾਈ ਅਲਰਟ' ਜਾਰੀ ਕੀਤਾ ਗਿਆ ਹੈ।
