ਮਾਹਰਾਂ ਵੱਲੋਂ ਚਿਤਾਵਨੀ ਜਾਰੀ, ਤੇਜ਼ੀ ਨਾਲ ਡੁੱਬਦਾ ਜਾ ਰਿਹੈ ਜਕਾਰਤਾ
Friday, Aug 16, 2019 - 02:55 PM (IST)

ਜਕਾਰਤਾ (ਭਾਸ਼ਾ)— ਧਰਤੀ 'ਤੇ ਸਭ ਤੋਂ ਤੇਜ਼ ਗਤੀ ਨਾਲ ਡੁੱਬਣ ਵਾਲੇ ਸ਼ਹਿਰਾਂ ਵਿਚੋਂ ਇਕ ਜਕਾਰਤਾ ਨੂੰ ਲੈ ਕੇ ਵਾਤਾਵਰਣ ਮਾਹਰਾਂ ਨੇ ਚਿਤਾਵਨੀ ਜਾਰੀ ਕੀਤੀ ਹੈ। ਮਾਹਰਾਂ ਮੁਤਾਬਕ ਜੇਕਰ ਇਹੀ ਗਤੀ ਜਾਰੀ ਰਹੀ ਤਾਂ ਇਸ ਦਾ ਇਕ ਤਿਹਾਈ ਹਿੱਸਾ ਸਾਲ 2050 ਤੱਕ ਡੁੱਬ ਸਕਦਾ ਹੈ। ਇਨ੍ਹਾਂ ਕਾਰਨਾਂ ਵਿਚ ਦਹਾਕਿਆਂ ਤੋਂ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਦੀ ਬੇਕਾਬੂ ਲੁੱਟ, ਸਮੁੰਦਰ ਦਾ ਵੱਧਦਾ ਪੱਧਰ ਅਤੇ ਤੇਜ਼ੀ ਨਾਲ ਬਦਲਦੇ ਮੌਸਮ ਸ਼ਾਮਲ ਹਨ। ਇਸ ਦੇ ਕੁਝ ਹਿੱਸੇ ਹੁਣੇ ਤੋਂ ਹੀ ਗਾਇਬ ਹੋਣੇ ਸ਼ੁਰੂ ਹੋ ਗਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਮੌਜੂਦਾ ਵਾਤਾਵਰਣੀ ਉਪਾਆਂ ਦਾ ਬਹੁਤ ਘੱਟ ਅਸਰ ਪੈ ਰਿਹਾ ਹੈ।
ਇਸ ਲਈ ਸਰਕਾਰ ਸਖਤ ਕਦਮ ਚੁੱਕ ਰਹੀ ਹੈ। ਇਸ ਦੇ ਤਹਿਤ ਦੇਸ਼ ਦੀ ਰਾਜਧਾਨੀ ਨੂੰ ਬਦਲਣ ਦਾ ਫੈਸਲਾ ਲਿਆ ਗਿਆ ਹੈ। ਸਥਾਨਕ ਰਿਪੋਰਟਾਂ ਮਤਾਬਕ ਨਵੇਂ ਸਥਾਨ ਦਾ ਜਲਦੀ ਐਲਾਨ ਕੀਤਾ ਜਾ ਸਕਦਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਟਵਿੱਟਰ 'ਤੇ ਕਿਹਾ,''ਸਾਡੇ ਦੇਸ਼ ਦੀ ਰਾਜਧਾਨੀ ਬੋਰਨਿਓ ਟਾਪੂ 'ਤੇ ਟਰਾਂਸਫਰ ਹੋ ਜਾਵੇਗੀ।'' ਦੇਸ਼ ਦੇ ਪ੍ਰਬੰਧਕੀ ਅਤੇ ਸਿਆਸੀ ਕੇਂਦਰ ਨੂੰ ਟਰਾਂਸਫਰ ਕਰਨਾ ਰਾਸ਼ਟਰੀ ਸੁਰੱਖਿਆ ਦਾ ਇਕ ਕੰਮ ਹੋ ਸਕਦਾ ਹੈ ਪਰ ਇਹ ਜਕਾਰਤਾ ਲਈ ਪ੍ਰਭਾਵੀ ਰੂਪ ਨਾਲ ਮੌਤ ਦੀ ਘੰਟੀ ਹੈ।