ਇੰਡੋਜ਼ ਸਾਹਿਤ ਸਭਾ ਵਲੋਂ ਕਵੀ ਦਰਵਾਰ ਆਯੋਜਿਤ ਅਤੇ ਗੁਰਮੀਤ ਕੌਰ ਸੰਧਾ ਦੀ ਪੁਸਤਕ ਬਾਰੇ ਹੋਈ ਚਰਚਾ

Sunday, Jun 07, 2020 - 04:04 PM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ) : ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੇ ਜਿੰਦਗੀ ਰੂਪੀ ਗੱਡੀ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਆਸਟ੍ਰੇਲੀਆ ਵਿੱਚ ਇਹ ਦੌੜ ਹੌਲੀ-ਹੌਲੀ ਆਪਣੀ ਰਫਤਾਰ ਫੜਦੀ ਨਜਰ ਆ ਰਹੀ ਹੈ।  ਆਸਟ੍ਰੇਲੀਆ ਦੀ ਸਿਰਮੌਰ ਸੰਸਥਾ ਇਪਸਾ ਵੱਲੋਂ ਕੋਰੋਨਾ ਪਾਬੰਦੀਆਂ ਵਿੱਚ ਮਿਲੀਆਂ ਰਿਆਇਤਾਂ ਤੋਂ ਬਾਅਦ ਬ੍ਰਿਸਬੇਨ ਵਿੱਚ ਪਹਿਲਾ ਸਾਹਿਤਕ ਸਮਾਗਮ ਕਰਵਾਇਆ ਗਿਆ।

 ਸਥਾਨਕ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿੱਚ ਪੰਜਾਬ ਤੋਂ ਆਏ ਕਵੀ ਅਸ਼ੋਕ ਟਾਂਡੀ ਦਾ ਰੂ-ਬੂ-ਰੂ ਕਰਵਾਇਆ ਗਿਆ ਅਤੇ ਪੰਜਾਬੀ ਲੇਖਿਕਾ ਗੁਰਮੀਤ ਕੌਰ ਸੰਧਾ ਦੀ ਪਲੇਠੀ ਗ਼ਜ਼ਲ ਪੁਸਤਕ ‘ਚਾਨਣ ਦੇ ਹਸਤਾਖ਼ਰ’ ਵਿਚਾਰ ਚਰਚਾ ਕੀਤੀ ਗਈ। ਚਾਨਣ ਦੇ ਹਸਤਾਖ਼ਰ ਬਾਰੇ ਸਰਬਜੀਤ ਸੋਹੀ ਨੇ ਆਪਣਾ ਪਰਚਾ ਪਾਠਕਾਂ ਨਾਲ ਸਾਂਝਾ ਕੀਤਾ। ਕਵੀ ਦਰਬਾਰ ਵਿੱਚ ਸ਼ਾਇਰ ਰੁਪਿੰਦਰ ਸੋਜ਼, ਸਰਬਜੀਤ ਸੋਹੀ ਅਤੇ ਜਸਵੰਤ ਵਾਗਲਾ ਨੇ ਖ਼ੂਬਸੂਰਤ ਗ਼ਜ਼ਲਾਂ ਨਾਲ ਹਾਜ਼ਰੀ ਲਵਾਈ ਗਈ। ਪਾਲ ਰਾਊਂਕੇ, ਬਾਲ ਕਵੀ ਸੁਖਮਨ ਸੰਧੂ,  ਗੀਤਕਾਰ ਆਤਮਾ ਹੇਅਰ, ਮੀਤ ਮਲਕੀਤ ਅਤੇ ਸੁਰਜੀਤ ਸੰਧੂ ਨੇ ਗੀਤਾਂ ਨਾਲ ਹਾਜ਼ਰੀ ਲਵਾਈ ਗਈ। 

PunjabKesari

ਨੈਬ ਸਿੰਘ ਨੇ ਰੁਪਿੰਦਰ ਸੋਜ਼ ਦੀ ਗ਼ਜ਼ਲ ਨਾਲ ਸਟੇਜ ਤੇ ਆਪਣੀ ਰਸਭਿੰਨੀ ਆਵਾਜ਼ ਨਾਲਭਰਵੀਂ ਹਾਜ਼ਰੀ ਲਵਾਈ। ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ ਨੇ ਇਕ ਕਵਿਤਾ ਨਾਲ ਅਤੇ ਗੁਰਮੀਤ ਕੌਰ ਸੰਧਾ ਨੇ ਵੋਟਾਂ ਦੇ ਮਾਹੌਲ ਨੂੰ ਜੀਵਤ ਕਰਨ ਵਾਲਾ ਵਿਅੰਗਆਤਮਕ ਕਾਵਿ ਪੇਸ਼ ਕਰਕੇ ਮਹਿਫ਼ਲ ਲੁੱਟ ਲਈ। ਮਹਿਮਾਨ ਲੇਖਕ ਅਸ਼ੋਕ ਟਾਂਡੀ ਨੇ ਇਕ ਤੋਂ ਬਾਅਦ ਇਕ ਦਰਦਮਈ ਗੀਤ ਤਰੰਨਮ ਵਿੱਚ ਪੇਸ਼ ਕਰਕੇ ਕਵੀ ਦਰਬਾਰ ਨੂੰ ਸਿਖ਼ਰ ਤੇ ਪਹੁੰਚ ਦਿੱਤਾ। ਸਮਾਗਮ ਦੇ ਅੰਤ ਵਿੱਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸ੍ਰੀ ਅਸ਼ੋਕ ਟਾਂਡੀ ਜੀ ਨੂੰ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਬ ਸਿੰਘ ਵਿਰਕ, ਗੀਤਕਾਰ ਤਜਿੰਦਰ ਭੰਗੂ, ਬਲਵਿੰਦਰ ਕੌਰ ਸੂਬਾਈ ਆਗੂ ਆਂਗਣਵਾੜੀ ਵਰਕਰ ਯੂਨੀਅਨ, ਰਣਜੀਤ ਸਿੰਘ ਵਿਰਕ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੇਡੀਓ ਹੋਸਟ ਅਤੇ ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।
 


Lalita Mam

Content Editor

Related News