ਕੈਨੇਡਾ ''ਚ ਭਾਰਤੀ ਨੌਜਵਾਨ ਦੀ ਮਿਲੀ ਲਾਸ਼, ਨਸਲੀ ਨਫਰਤ ਤੋਂ ਪ੍ਰੇਰਿਤ ਅਪਰਾਧ ਦਾ ਖਦਸ਼ਾ
Wednesday, Sep 08, 2021 - 06:23 PM (IST)
ਟੋਰਾਂਟੋ (ਭਾਸ਼ਾ): ਕੈਨੇਡਾ ਦੇ ਨੋਵਾ ਸਕੋਟੀਆ ਸੂਬੇ ਦੇ ਟੂਰੋ ਸ਼ਹਿਰ ਵਿਚ 23 ਸਾਲਾ ਭਾਰਤੀ ਨੌਜਵਾਨ ਇਕ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਭਾਈਚਾਰੇ ਦੇ ਮੈਂਬਰਾਂ ਨੂੰ ਸ਼ੱਕ ਹੈ ਕਿ ਇਹ ਨਸਲੀ ਨਫਰਤ ਤੋਂ ਪ੍ਰੇਰਿਤ ਅਪਰਾਧ ਹੈ। ਸੀ.ਬੀ.ਸੀ. ਕੈਨੇਡਾ ਦੀ ਖ਼ਬਰ ਮੁਤਾਬਕ ਟੂਰੋ ਪੁਲਸ ਸੇਵਾ ਦੇ ਡੇਵਿਡ ਮੈਕਨੀਲ ਨੇ ਕਿਹਾ ਕਿ ਸ਼ਨੀਵਾਰ ਦੇਰ ਰਾਤ 2 ਵਜੇ ਆਈ ਇਕ ਕਾਲ ਦੇ ਬਾਅਦ ਉਹ ਅਪਾਰਟਮੈਂਟ ਪਹੁੰਚੇ, ਜਿੱਥੇ ਉਹਨਾਂ ਨੂੰ ਇਕ ਵਿਅਕਤੀ ਮ੍ਰਿਤਕ ਮਿਲਿਆ ਜਿਸ ਦੇ ਸਰੀਰ 'ਤੇ ਡੂੰਘੇ ਜ਼ਖਮ ਸਨ।
ਮੈਕਨੀਲ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਦਾ ਨਾਮ ਪ੍ਰਭਜੋਤ ਸਿੰਘ ਖੱਤਰੀ ਸੀ, ਜਿਸ ਦੀ ਬਾਅਦ ਵਿਚ ਇਹਨਾਂ ਜਾਨਲੇਵਾ ਸੱਟਾਂ ਕਾਰਨ ਮੌਤ ਹੋ ਗਈ। ਖ਼ਬਰ ਵਿਚ ਦੱਸਿਆ ਗਿਆ ਕਿ ਪੁਲਸ ਮੌਤ ਦੇ ਇਸ ਮਾਮਲੇ ਨੂੰ ਕਤਲ ਦੇ ਮਾਮਲੇ ਦੇ ਤੌਰ 'ਤੇ ਦੇਖ ਰਹੀ ਹੈ। ਕਤਲ ਦੇ ਸੰਬਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ। ਉਹਨਾਂ ਨੇ ਕਿਹਾ,''ਅਸੀਂ ਹਫ਼ਤੇ ਦੇ ਅਖੀਰ ਵਿਚ ਕਈ ਸਰਚ ਵਾਰੰਟ 'ਤੇ ਕਾਰਵਾਈ ਕੀਤੀ ਅਤੇ ਘਟਨਾ ਦੇ ਕੁਝ ਦੇਰ ਬਾਅਦ ਹੀ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਭਾਵੇਂਕਿ ਇਸ ਸਮੇਂ ਕਤਲ ਨਾਲ ਸਬੰਧਤ ਦੋਸ਼ਾਂ ਦੇ ਬਿਨਾਂ ਉਸ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਉਹ ਵਿਅਕਤੀ ਹਾਲੇ ਵੀ ਸਾਡੇ ਸ਼ੱਕ ਦੇ ਦਾਇਰੇ ਵਿਚ ਹੈ।''
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਸਰਕਾਰ ਦਾ ਫਰਮਾਨ, ਕਿਹਾ-'ਸ਼ਰੀਆ ਕਾਨੂੰਨ ਨਾਲ ਚੱਲੇਗਾ ਦੇਸ਼, ਹੁਣ ਕੋਈ ਦੇਸ਼ ਨਾ ਛੱਡੇ'
ਮੈਕਨੀਲ ਨੇ ਕਿਹਾ ਕਿ ਉਹ ਐਤਵਾਰ ਰਾਤ ਪੀੜਤ ਦੇ ਪਰਿਵਾਰ, ਦੋਸਤਾਂ ਅਤੇ ਸਥਾਨਕ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਮਿਲੇ ਅਤੇ ਆਪਣੀ ਹਮਦਰਦੀ ਪ੍ਰਗਟ ਕੀਤੀ। ਸਿੰਘ 2017 ਵਿਚ ਪੜ੍ਹਾਈ ਲਈ ਭਾਰਤ ਤੋਂ ਕੈਨੇਡਾ ਆਇਆ ਸੀ। 'ਸੀਟੀਵੀ ਨਿਊਜ਼' ਦੀ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਸਿੰਘ ਦੀ ਲਾਸ਼ ਨੂੰ ਭਾਰਤ ਭੇਜਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਕ ਫੰਡ ਬਣਾਇਆ ਗਿਆ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸਿੰਘ ਦੇ ਦੋਸਤਾਂ ਨੂੰ ਸ਼ੱਕ ਹੈ ਕਿ ਇਹ ਨਸਲੀ ਨਫਰਤ ਨਾਲ ਪ੍ਰੇਰਿਤ ਅਪਰਾਧ ਹੋ ਸਕਦਾ ਹੈ। ਭਾਈਚਾਰੇ ਦੇ ਮੈਂਬਰਾਂ ਵਿਚ ਇਸ ਘਟਨਾ ਨੂੰ ਲੈਕੇ ਕਾਫੀ ਗੁੱਸਾ ਹੈ।