ਪਿਛਲੇ ਸਾਲ 1.1 ਲੱਖ ਭਾਰਤੀ ਵਿਦਿਆਰਥੀ ਪੁੱਜੇ ਆਸਟ੍ਰੇਲੀਆ, ਕਾਰਨ ਹੈ ਜ਼ਬਰਦਸਤ ਆਫਰ

04/01/2019 11:19:52 AM

ਸਿਡਨੀ— ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਪਿਛਲੇ ਸਾਲ ਕਾਫੀ ਵਾਧਾ ਹੋਇਆ। ਭਾਰਤ ਦੇ ਇਕ ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ ਸਾਲ 2018 ਦੌਰਾਨ ਆਸਟ੍ਰੇਲੀਆਈ ਸਿੱਖਿਅਕ ਸੰਸਥਾਵਾਂ 'ਚ ਦਾਖਲਾ ਲਿਆ ਜੋ ਕਿ ਕੁੱਲ ਕੌਮਾਂਤਰੀ ਦਾਖਲੇ ਦਾ 12.4 ਫੀਸਦੀ ਰਿਹਾ। ਇਹ ਪਿਛਲੇ ਸਾਲ ਦੀ ਤੁਲਨਾ 'ਚ 24.5 ਫੀਸਦੀ ਵਧੇਰੇ ਹੈ। ਚੀਨ ਤੋਂ ਆਏ ਵਿਦਿਆਰਥੀਆਂ ਦੀ ਗਿਣਤੀ ਭਾਰਤੀਆਂ ਨਾਲੋਂ ਵਧੇਰੇ ਰਹੀ ਹੈ। ਇੱਥੋਂ 2.6 ਲੱਖ ਵਿਦਿਆਰਥੀਆਂ ਭਾਵ 29 ਫੀਸਦੀ ਨੇ ਦਾਖਲੇ ਲਏ।
ਇਹ ਹੈ ਕਾਰਨ—
ਆਸਟ੍ਰੇਲੀਆ ਨੇ 'ਐਡੀਸ਼ਨਲ ਟੈਂਪਰੇਰੀ ਗ੍ਰੈਜੂਏਟ' ਵੀਜ਼ੇ ਦੀ ਘੋਸ਼ਣਾ ਕੀਤੀ ਸੀ। ਇਸ ਤਹਿਤ ਕਿਸੇ ਖੇਤਰੀ ਕੈਂਪਸ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਮਗਰੋਂ ਆਸਟ੍ਰੇਲੀਆ 'ਚ ਇਕ ਸਾਲ ਹੋਰ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ। ਵਰਤਮਾਨ ਸਮੇਂ ਜੋ ਨਿਯਮ ਹੈ ਉਸ ਮੁਤਾਬਕ ਜਿਹੜੇ ਵਿਦਿਆਰਥੀ ਆਸਟ੍ਰੇਲੀਆ 'ਚ ਮਾਸਟਰਜ਼ ਜਾਂ ਗ੍ਰੈਜੂਏਸ਼ਨ ਦੀ ਡਿਗਰੀ (2-3 ਸਾਲ) ਕਰ ਰਹੇ ਹਨ, ਉਨ੍ਹਾਂ ਨੂੰ ਪੜ੍ਹਾਈ ਮਗਰੋਂ ਦੋ ਸਾਲਾਂ ਤਕ ਕੰਮ ਕਰਨ ਲਈ ਵੀਜ਼ਾ ਮਿਲਦਾ ਹੈ ਪਰ ਨਵੇਂ ਨਿਯਮਾਂ ਮੁਤਾਬਕ ਹੁਣ ਉਨ੍ਹਾਂ ਨੂੰ 3 ਸਾਲਾਂ ਦਾ ਵੀਜ਼ਾ ਮਿਲੇਗਾ। 
ਆਸਟ੍ਰੇਲੀਆ ਨੂੰ ਹੋਵੇਗਾ ਇਹ ਲਾਭ—
ਇਸ ਦਾ ਫਾਇਦਾ ਆਸਟ੍ਰੇਲੀਆ ਨੂੰ ਵੀ ਦੁੱਗਣਾ ਹੋਵੇਗਾ। ਇਸ ਵੀਜ਼ੇ ਨਾਲ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਜਿਵੇਂ ਸਿਡਨੀ, ਮੈਲਬੌਰਨ, ਪਰਥ, ਬ੍ਰਿਸਬੇਨ ਅਤੇ ਗੋਲਡ ਕੋਸਟ 'ਚ ਵਧ ਰਹੀ ਭੀੜ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇਗਾ ਕਿਉਂਕਿ ਵਿਦਿਆਰਥੀਆਂ ਨੂੰ ਇਨ੍ਹਾਂ ਸ਼ਹਿਰਾਂ 'ਚ ਨਹੀਂ ਸਗੋਂ ਖੇਤਰੀ ਇਲਾਕਿਆਂ 'ਚ ਰਹਿ ਕੇ ਪੜ੍ਹਾਈ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਸ਼ਹਿਰਾਂ 'ਚ ਵੱਡੀ ਗਿਣਤੀ 'ਚ ਕੌਮਾਂਤਰੀ ਵਿਦਿਆਰਥੀ ਖਿੱਚੇ ਆਉਂਦੇ ਸਨ ਤੇ ਇਸ ਕਾਰਨ ਸ਼ਹਿਰਾਂ 'ਚ ਭੀੜ ਬਹੁਤ ਵਧ ਗਈ ਸੀ। ਇਸੇ ਲਈ ਸਰਕਾਰ ਵਲੋਂ ਇਹ ਵੱਡਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਹੋਰ ਵੀ ਕੌਮਾਂਤਰੀ ਵਿਦਿਆਰਥੀ ਆਸਟ੍ਰੇਲੀਆ ਵੱਲ ਖਿੱਚੇ ਆਉਣਗੇ ਕਿਉਂਕਿ ਹੁਣ ਉਨ੍ਹਾਂ ਨੂੰ 3 ਸਾਲਾਂ ਤਕ ਕੰਮ ਕਰਨ ਦਾ ਵੀਜ਼ਾ ਮਿਲੇਗਾ।
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਸਟੇਟਮੈਂਟ 'ਚ ਦੱਸਿਆ ਗਿਆ ਹੈ ਕਿ 2021 ਤੋਂ ਯੋਗ ਵਿਦਿਆਰਥੀਆਂ ਨੂੰ ਇਹ ਵੀਜ਼ਾ ਜਾਰੀ ਕੀਤਾ ਜਾਵੇਗਾ। ਇਸ ਤਹਿਤ ਵਿਦਿਆਰਥੀਆਂ ਨੂੰ ਖੇਤਰੀ ਕੈਂਪਸ 'ਚ ਗ੍ਰੈਜੂਏਸ਼ਨ ਕਰਕੇ ਇੱਥੇ 2 ਸਾਲਾਂ ਤਕ ਰਹਿਣਾ ਪਵੇਗਾ।
20 ਮਾਰਚ ਨੂੰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਕ ਨਵੀਂ ਸਕਾਲਰਸ਼ਿਪ ਸਕੀਮ ਦੀ ਘੋਸ਼ਣਾ ਕੀਤੀ ਸੀ। ਇਹ ਸਕੀਮ ਆਸਟ੍ਰੇਲੀਆ ਦੇ ਹੋਰ ਖੇਤਰਾਂ 'ਚ ਪੜ੍ਹਾਈ ਕਰਨ ਲਈ ਆਸਟ੍ਰੇਲੀਆਈ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਖਿੱਚਣ ਲਈ ਸੀ। ਇਸ ਤਹਿਤ ਹਰ ਸਾਲ ਸਥਾਨਕ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਤਕਰੀਬਨ 15000 ਆਸਟ੍ਰੇਲੀਆਈ ਡਾਲਰ (ਤਕਰੀਬਨ 7 ਲੱਖ ਰੁਪਏ) ਮਿਲਣਗੇ।


Related News