ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ,ਹੱਥੋਪਾਈ 'ਚ ਲੱਥੀ ਦਸਤਾਰ (ਵੀਡੀਓ)
Saturday, Jan 08, 2022 - 02:16 PM (IST)
ਨਿਊਯਾਰਕ/ਅਮਰੀਕਾ (ਭਾਸ਼ਾ) : ਨਿਊਯਾਰਕ ਵਿਚ ਜੌਹਨ ਐਫ ਕੈਨੇਡੀ (ਜੇ.ਐਫ.ਕੇ) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਨੇ ਭਾਰਤੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ, ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ। ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਇਕ ਵੀਡੀਓ ਵਿਚ ਇਹ ਘਟਨਾ ਸਾਹਮਣੇ ਆਈ ਹੈ। ਇਹ ਅਮਰੀਕਾ ਵਿਚ ਨਸਲੀ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਦਾ ਇਕ ਹੋਰ ਸ਼ੱਕੀ ਮਾਮਲਾ ਹੈ। ਨਵਜੋਤ ਪਾਲ ਕੌਰ ਨੇ ਟਵਿਟਰ ’ਤੇ 4 ਜਨਵਰੀ ਨੂੰ 26 ਸਕਿੰਟਾਂ ਦੀ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿਚ ਇਕ ਵਿਅਕਤੀ ਹਵਾਈ ਅੱਡੇ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਕੌਰ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਖੜ੍ਹੇ ਇਕ ਹੋਰ ਵਿਅਕਤੀ ਨੇ ਇਹ ਵੀਡੀਓ ਰਿਕਾਰਡ ਕੀਤੀ ਸੀ। ਇਹ ਵੀਡੀਓ ਕਿਸ ਤਾਰੀਖ਼ ਦੀ ਹੈ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕੋਲੰਬੀਆ ’ਚ ਇਸ ਸ਼ਖ਼ਸ ਨੂੰ ਮਿਲੀ ਇੱਛਾ ਮੌਤ, ਅਜੀਬ ਅਤੇ ਲਾਇਲਾਜ ਬੀਮਾਰੀ ਨਾਲ ਸੀ ਪੀੜਤ
It’s not enough to say that we need to fight AAPI hate. We actually need our elected officials to get involved with consequences for those who commit acts of violence against our community. @GregMeeksNYC @NYCMayor @AdrienneToYou @yuhline @rontkim pic.twitter.com/Dkk23lQw0g
— Navjot Pal Kaur (@navjotpkaur) January 4, 2022
ਵੀਡੀਓ ਵਿਚ ਵਿਅਕਤੀ ਨੂੰ ਪੀੜਤ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ। ਉਹ ਵੀਡੀਓ ਵਿਚ ਸਿੱਖ ਵਿਅਕਤੀ ਨੂੰ ਵਾਰ-ਵਾਰ ਕੁੱਟਦਾ ਅਤੇ ਮੁੱਕੇ ਮਾਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਸਿੱਖ ਵਿਅਕਤੀ ਦੀ ਪੱਗ ਵੀ ਉਤਾਰ ਦਿੱਤੀ। ਕੌਰ ਨੇ ਕਿਹਾ, ‘ਇਹ ਵੀਡੀਓ ਜੌਹਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਹੋਰ ਵਿਅਕਤੀ ਨੇ ਬਣਾਈ ਸੀ। ਮੈਂ ਇਹ ਵੀਡੀਓ ਰਿਕਾਰਡ ਨਹੀਂ ਕੀਤੀ ਪਰ ਮੈਂ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦੀ ਸੀ ਕਿ ਸਾਡੇ ਸਮਾਜ ਵਿਚ ਨਫ਼ਰਤ ਹੁਣ ਵੀ ਬਰਕਰਾਰ ਹੈ ਅਤੇ ਬਦਕਿਸਮਤੀ ਨਾਲ ਮੈਂ ਕਈ ਸਿੱਖ ਕੈਬ ਡਰਾਈਵਰਾਂ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਕਈ ਵਾਰ ਦੇਖੀਆਂ ਹਨ।’ ਇਸ ਘਟਨਾ ਜਾਂ ਡਰਾਈਵਰ ਦੇ ਬਾਰੇ ਵਿਚ ਹੋਰ ਜਾਣਕਾਰੀ ਫਿਲਹਾਲ ਉਪਲਬੱਧ ਨਹੀਂ ਹੈ।
ਇਹ ਵੀ ਪੜ੍ਹੋ: ਚੀਨ ’ਚ ਵਾਪਰਿਆ ਵੱਡਾ ਹਾਦਸਾ, ਕੈਫੇਟੇਰੀਆ ’ਚ ਧਮਾਕੇ ਨਾਲ 16 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਐਸਪੇਨ ਇੰਸਟੀਚਿਊਟ ਵਿਚ ਇਨਕਲੂਸਿਵ ਅਮਰੀਕਾ ਪ੍ਰਾਜੈਕਟ ਦੇ ਨਿਰਦੇਸ਼ਕ ਅਤੇ ਲੇਖਕ ਸਿਮਰਨ ਜੀਤ ਸਿੰਘ ਨੇ ਟਵੀਟ ਕੀਤਾ, ‘ਇਕ ਹੋਰ ਸਿੱਖ ਕੈਬ ਡਰਾਈਵਰ ’ਤੇ ਹਮਲਾ ਕੀਤਾ ਗਿਆ। ਇਸ ਵਾਰ ਨਿਊਯਾਰਕ ਵਿਚ ਜੇ.ਐਫ.ਕੇ. ਹਵਾਈ ਅੱਡੇ ’ਤੇ ਇਹ ਹੋਇਆ। ਇਹ ਦੇਖ ਕੇ ਬਹੁਤ ਦੁੱਖ ਹੋਇਆ।’ ਉਨ੍ਹਾਂ ਕਿਹਾ, ‘ਜੋ ਲੋਕ ਸਿੱਖ ਨਹੀਂ ਹਨ, ਉਨ੍ਹਾਂ ਨੂੰ ਮੈਂ ਸ਼ਬਦਾਂ ਵਿਚ ਨਹੀਂ ਸਮਝਾ ਸਕਦਾ ਕਿ ਕਿਸੇ ਸਿੱਖ ਦੀ ਪੱਗ ਉਤਾਰਨ ਦਾ ਕੀ ਮਤਲਬ ਹੁੰਦਾ ਹੈ ਜਾਂ ਕਿਸੇ ਹੋਰ ਸਿੱਖ ਦੀ ਪੱਗ ਉਤਾਰੀ ਜਾਂਦੇ ਦੇਖਣ ’ਤੇ ਕੀ ਮਹਿਸੂਸ ਹੁੰਦਾ ਹੈ।’ ਅਮਰੀਕਾ ਵਿਚ ਕਿਸੇ ਸਿੱਖ ਟੈਕਸੀ ਡਰਾਈਵਰ ’ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਸਿੱਖ ਉਬੇਰ ਕੈਬ ਡਰਾਈਵਰ ’ਤੇ 2019 ਵਿਚ ਹਮਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਿਊਯਾਰਕ ਵਿਚ 2017 ਵਿਚ ਵੀ 25 ਸਾਲਾ ਸਿੱਖ ਕੈਬ ਡਰਾਈਵਰ ’ਤੇ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ: ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।