ਭਾਰਤੀ ਮੂਲ ਦੇ ਰੰਜ ਪਿੱਲਈ ਨੂੰ ਕੈਨੇਡਾ 'ਚ ਮਿਲੀ ਅਹਿਮ ਜ਼ਿੰਮੇਵਾਰੀ

Wednesday, Jan 11, 2023 - 10:11 AM (IST)

ਭਾਰਤੀ ਮੂਲ ਦੇ ਰੰਜ ਪਿੱਲਈ ਨੂੰ ਕੈਨੇਡਾ 'ਚ ਮਿਲੀ ਅਹਿਮ ਜ਼ਿੰਮੇਵਾਰੀ

ਟੋਰਾਂਟੋ (ਭਾਸ਼ਾ)- ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ 14 ਜਨਵਰੀ ਨੂੰ ਕੈਨੇਡਾ ਦੇ ਯੂਕੋਨ ਸੂਬੇ ਦੇ 10ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਉਹ ਇਸ ਅਹੁਦੇ 'ਤੇ ਰਹਿਣ ਵਾਲੇ ਦੂਜੇ ਭਾਰਤੀ-ਕੈਨੇਡੀਅਨ ਨੇਤਾ ਹੋਣਗੇ। ਮੀਡੀਆ ਨੂੰ ਮੰਗਲਵਾਰ ਨੂੰ ਇਹ ਜਾਣਕਾਰੀ ਮਿਲੀ। ਪਾਰਟੀ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਕਿ ਪਿੱਲਈ ਨੂੰ 8 ਜਨਵਰੀ ਨੂੰ ਸਰਬਸੰਮਤੀ ਨਾਲ ਯੂਕੋਨ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ। ਪਿੱਲਈ ਦੇ ਪਰਿਵਾਰ ਦੀਆਂ ਜੜ੍ਹਾਂ ਕੇਰਲ ਵਿੱਚ ਹਨ। ਯੂਕੋਨ ਨਿਊਜ਼ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ 7 ਜਨਵਰੀ ਨੂੰ ਨਾਮਜ਼ਦਗੀਆਂ ਬੰਦ ਹੋਣ 'ਤੇ ਪਿੱਲਈ ਹੀ ਇਕਮਾਤਰ ਉਮੀਦਵਾਰ ਸਨ।

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ 'ਚ ਭੋਜਨ ਦੀ ਘਾਟ ਬਣੀ ਵੱਡੀ ਆਫ਼ਤ, ਲੁੱਟ-ਖੋਹ 'ਚ 3 ਲੋਕਾਂ ਦੀ ਮੌਤ (ਵੀਡੀਓ)

ਪਿੱਲਈ ਨੇ ਮੰਗਲਵਾਰ ਨੂੰ ਟਵੀਟ ਕੀਤਾ, “ਮੈਨੂੰ ਯੂਕੋਨ ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ ਅਤੇ ਮੈਂ ਯੂਕੋਨ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।" ਯੂਕੋਨ ਸਰਕਾਰ ਦੇ ਕਾਰਜਕਾਰੀ ਕੌਂਸਲ ਦਫ਼ਤਰ ਨੇ ਕਿਹਾ ਕਿ ਪਿੱਲਈ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਅਗਲੇ ਸ਼ਨੀਵਾਰ ਨੂੰ ਇੱਕ ਜਨਤਕ ਸਮਾਰੋਹ ਵਿੱਚ ਸਹੁੰ ਚੁਕਾਈ ਜਾਵੇਗੀ।

ਇਹ ਵੀ ਪੜ੍ਹੋ: ਪਾਕਿ 'ਚ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਆਟਾ, 3100 'ਚ ਵਿਕ ਰਹੀ ਹੈ 20 ਕਿੱਲੋ ਦੀ ਥੈਲੀ

ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 2000 ਤੋਂ 2001 ਦਰਮਿਆਨ ਪ੍ਰੀਮੀਅਰ ਦੇ ਅਹੁਦੇ 'ਤੇ ਰਹੇ ਉੱਜਲ ਦੋਸਾਂਝ ਤੋਂ ਬਾਅਦ ਪਿੱਲਈ ਦੂਜੇ ਭਾਰਤੀ-ਕੈਨੇਡੀਅਨ ਹਨ। ਕੈਨੇਡਾ ਦੇ 10 ਸੂਬੇ ਅਤੇ 3 ਪ੍ਰਦੇਸ਼ ਹਨ। ਪਿੱਲਈ ਨੇ ਇਕ ਬਿਆਨ 'ਚ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ, ਰਣਨੀਤਕ ਤੌਰ 'ਤੇ ਕੰਮ ਕਰਨ ਅਤੇ ਯੂਕੋਨ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਆਊਟਗੋਇੰਗ ਪ੍ਰੀਮੀਅਰ ਸੈਂਡੀ ਸਿਲਵਰ ਦਾ ਉਨ੍ਹਾਂ ਦੀ "ਲੀਡਰਸ਼ਿਪ ਅਤੇ ਸਮਰਪਣ" ਲਈ ਧੰਨਵਾਦ ਕੀਤਾ। ਸੈਂਡੀ ਸਿਲਵਰ 2012 ਤੋਂ ਇਸ ਅਹੁਦੇ 'ਤੇ ਸਨ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਪਿਓ ਦਾ ਕਾਰਾ, 9 ਸਾਲਾ ਪੁੱਤ ਨੂੰ ਦਿੱਤੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News