ਬ੍ਰਿਟੇਨ ''ਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀ ਹਮਾਇਤ ''ਚ ਨਿੱਤਰੇ ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਲੋਕ
Saturday, Mar 07, 2020 - 12:58 AM (IST)
ਲੰਡਨ (ਏਜੰਸੀ)- ਬੀਤੇ ਦਿਨਾਂ ਤੋਂ ਇਕ ਵਿਵਾਦ ਵਿਚ ਫਸੀ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀ ਹਮਾਇਤ ਵਿਚ ਕੁਝ ਭਾਰਤੀ ਸੰਸਦ ਮੈਂਬਰ, ਵੱਡੇ ਕਾਰੋਬਾਰੀ ਅਤੇ ਨੇਤਾ ਨਿੱਤਰ ਆਏ ਹਨ। 90 ਤੋਂ ਵਧੇਰੇ ਭਾਰਤੀ ਮੂਲ ਦੇ ਲੋਕਾਂ ਨੇ ਪ੍ਰੀਤੀ ਪਟੇਲ ਦੇ ਹੱਕ ਵਿਚ ਇਕ ਚਿੱਠੀ ਲਿਖੀ ਅਤੇ ਕਿਹਾ ਕਿ ਪ੍ਰੀਤੀ ਪਟੇਲ ਇਕ ਈਮਾਨਦਾਰ ਮਿਹਨਤੀ ਤੇ ਕਾਫੀ ਪ੍ਰਭਾਵਸ਼ਾਲੀ ਸ਼ਖਸੀਅਤ ਦੀ ਮਾਲਕ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਉਹ ਦੇਸ਼ ਨੂੰ ਬਹੁਤ ਹੀ ਮਜ਼ਬੂਤ ਅਤੇ ਵਿਕਾਸ ਦੀ ਲੀਹ 'ਤੇ ਲੈ ਕੇ ਜਾ ਰਹੀ ਹੈ। ਸਾਨੂੰ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।
ਅਫਸਰਾਂ ਨੂੰ ਧਮਕਾਉਣ ਦੇ ਪ੍ਰੀਤੀ 'ਤੇ ਲੱਗੇ ਦੋਸ਼
ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦੇ ਅਸਤੀਫਾ ਦੇਣ ਤੋਂ ਬਾਅਦ ਪ੍ਰੀਤੀ ਪਟੇਲ ਇਨ੍ਹੀਂ ਦਿਨੀਂ ਦਬਾਅ ਮਹਿਸੂਸ ਕਰ ਰਹੀ ਹੈ। ਉਨ੍ਹਾਂ 'ਤੇ ਅਧਿਕਾਰੀਆਂ ਨੂੰ ਧਮਕਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਮਗਰੋਂ ਉਨ੍ਹਾਂ ਨੇ ਮੰਤਰਾਲੇ ਦੇ ਸਾਰੇ ਮੁਲਾਜ਼ਮਾਂ ਨੂੰ ਈ-ਮੇਲ ਕਰਕੇ ਦੋਸ਼ਾਂ ਨੂੰ ਗਲਤ ਦੱਸਿਆ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ ਅਤੇ ਕਿਹਾ ਕਿ ਪ੍ਰੀਤੀ ਪਟੇਲ ਇਕ ਵਧੀਆ ਸਲਾਹਕਾਰ ਹੈ ਅਤੇ ਉਹ ਬਿਹਤਰੀਨ ਨਤੀਜੇ ਦੇਣ ਵਾਲੀ ਸਹਿਯੋਗੀ ਹੈ।
ਦਿ ਡੇਲੀ ਟੇਲੀਗਰਾਫ 'ਚ ਛਪੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ 'ਚੋਂ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੀਤੀ ਪਟੇਲ ਨਾਲ ਕੰਮ ਕੀਤਾ ਹੈ। ਇਸ ਲਈ ਉਹ ਅਜਿਹੀ ਕਿਸੇ ਕੋਸ਼ਿਸ਼ ਨੂੰ ਠੀਕ ਨਹੀਂ ਕਹਿਣਗੇ ਜੋ ਪ੍ਰੀਤੀ ਪਟੇਲ ਦੀ ਛਵੀ ਨੂੰ ਧੁੰਦਲਾ ਕਰਣ ਵਾਲਾ ਹੋਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰੀਤੀ ਯਕੀਨੀ ਤੌਰ 'ਤੇ ਸਖ਼ਤ ਮਿਹਨਤੀ ਅਤੇ ਉੱਦਮੀ ਨੇਤਾ ਹੈ ਅਤੇ ਕਿੰਨਾ ਹੀ ਦਬਾਅ ਕਿਉਂ ਨਾ ਹੋਵੇ ਉਹ ਆਪਣੇ ਆਪੇ ਤੋਂ ਬਾਹਰ ਨਹੀਂ ਹੁੰਦੀ। ਜੋ ਵੀ ਕੰਮ ਕੀਤਾ ਜਾਵੇ ਉਸ ਵਿੱਚ ਉਹ ਉੱਚ ਮਾਨਦੰਡਾਂ ਨੂੰ ਮੰਨਣ ਵਾਲੀ ਹੈ ਪਰ ਅਜਿਹਾ ਕੰਮ ਉਹ ਪੇਸ਼ੇਵਰ ਰਹਿੰਦੇ ਹੋਏ ਅੰਜਾਮ ਦੇਣਾ ਜਾਣਦੀ ਹੈ। ਸਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਮੁਸ਼ਕਲ ਹਾਲਾਤ ਵਿੱਚ ਕੰਮ ਕਰਦੇ ਵੇਖਿਆ ਹੈ, ਉਨ੍ਹਾਂ ਨੂੰ ਪਤਾ ਹੈ ਕਿ ਪ੍ਰੀਤੀ ਕਿੰਨੀ ਸੰਵੇਦਨਸ਼ੀਲ ਅਤੇ ਬਿਹਤਰ ਤਰੀਕੇ ਨਾਲ ਹਾਲਾਤ ਨੂੰ ਸੰਭਾਲਦੀ ਹੈ।
ਜਿਨ੍ਹਾਂ ਲੋਕਾਂ ਨੇ ਪੱਤਰ 'ਤੇ ਦਸਤਖਤ ਕੀਤੇ ਹਨ ਉਨ੍ਹਾਂ 'ਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਰਾਮੀ ਰੈਂਗਰ ਅਤੇ ਰਣਬੀਰ ਸਿੰਘ ਵਿਦਵਾਨ, ਕਾਰੋਬਾਰੀ ਨਿਤਿਨ ਸਿੰਘਲ, ਅੰਕਿਤ ਪਟੇਲ, ਤ੍ਰਿਪਤੀ ਪਟੇਲ, ਚੈਰਿਟੀ ਕਮਿਸ਼ਨ ਦੇ ਸਾਬਕਾ ਮੁਖੀ ਵਿਲਿਅਮ ਸ਼ਾਕਰਾਸ ਅਤੇ ਆਸਟਰੇਲਿਆ ਦੇ ਰਾਜਨੀਤਕ ਰਣਨੀਤੀਕਾਰ ਸਰ ਲਿੰਟਨ ਕਰਾਸਬੀ ਪ੍ਰਮੁੱਖ ਹਨ।
ਗ੍ਰਹਿ ਮੰਤਰਾਲਾ 'ਚ ਸਥਾਈ ਸਕੱਤਰ ਦੇ ਉੱਤਮ ਅਹੁਦੇ ਤੋਂ ਪਿਛਲੇ ਸ਼ਨੀਵਾਰ ਨੂੰ ਫਿਲਿਪ ਰੁਤਨਮ ਨੇ ਅਸਤੀਫਾ ਦਿੱਤਾ ਸੀ। ਰੁਤਨਮ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਪਟੇਲ ਦੇ ਖ਼ਰਾਬ ਵਰਤਾਓ ਦੇ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕਰਣਾ ਚਾਹੁੰਦੇ ਸਨ ਪਰ ਗ੍ਰਹਿ ਮੰਤਰੀ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਪ੍ਰੀਤੀ ਪਟੇਲ ਨੂੰ ਜਾਂਚ ਦਾ ਸਾਹਮਣਾ ਵੀ ਕਰਣਾ ਪੈ ਸਕਦਾ ਹੈ ਕਿਉਂਕਿ ਰੁਤਨਮ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕਰਣ ਨੂੰ ਲੈ ਕੇ ਸਰਕਾਰ ਖਿਲਾਫ ਕੇਸ ਕਰਨ ਦਾ ਫੈਸਲਾ ਕੀਤਾ ਹੈ।