ਬ੍ਰਿਟੇਨ ''ਚ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ
Friday, Jul 28, 2023 - 04:27 PM (IST)
ਲੰਡਨ (ਭਾਸ਼ਾ) : ਬਰਤਾਨੀਆ ਵਿੱਚ ਪੁਲਸ ਅਧਿਕਾਰੀ ਜਾਂ ਬੈਂਕ ਮੁਲਾਜ਼ਮ ਦੱਸ ਕੇ ਬਜ਼ੁਰਗਾਂ ਅਤੇ ਹੋਰਨਾਂ ਨੂੰ ਠੱਗਣ ਵਾਲੇ ਭਾਰਤੀ ਮੂਲ ਦੇ 28 ਸਾਲਾ ਧੋਖੇਬਾਜ਼ ਨੂੰ ਲੰਡਨ ਦੀ ਅਦਾਲਤ ਨੇ ਧੋਖਾਧੜੀ ਦੇ 9 ਮਾਮਲਿਆਂ ਵਿੱਚ 8 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੈਟਰੋਪੋਲੀਟਨ ਪੁਲਸ ਅਨੁਸਾਰ, ਕਿਸ਼ਨ ਭੱਟ ਨੂੰ ਸਨੇਸਬਰੂਕ ਕਰਾਊਨ ਕੋਰਟ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਸਜ਼ਾ ਸੁਣਾਈ ਗਈ ਸੀ। ਪੁਲਸ ਮੁਤਾਬਕ 'ਸਪੈਸ਼ਲਿਸਟ ਇਕਨਾਮਿਕ ਕ੍ਰਾਈਮ' ਟੀਮ ਨੇ ਆਪਣੀ ਜਾਂਚ 'ਚ ਪਾਇਆ ਕਿ ਭੱਟ ਨੇ 9 ਪੀੜਤਾਂ ਨਾਲ 2.60 ਲੱਖ ਬ੍ਰਿਟਿਸ਼ ਪੌਂਡ ਤੋਂ ਵੱਧ ਦੀ ਠੱਗੀ ਮਾਰੀ ਸੀ ਅਤੇ ਉਸ ਨੇ ਧੋਖਾਧੜੀ ਦੀਆਂ ਕਈ ਹੋਰ ਕੋਸ਼ਿਸ਼ਾਂ ਵੀ ਕੀਤੀਆਂ ਸਨ, ਜਿਨ੍ਹਾਂ ਨੂੰ ਵਿੱਤੀ ਸੰਸਥਾਵਾਂ ਜਾਂ ਗਹਿਣੇ ਵੇਚਣ ਵਾਲਿਆਂ ਨੇ ਅਸਫਲ ਕਰ ਦਿੱਤਾ ਸੀ।
ਪੁਲਸ ਨੇ ਦੱਸਿਆ ਕਿ ਭੱਟ ਦੇ ਸਹਿਯੋਗੀ ਆਰਟਿਓਮ ਕਿਸੇਲੀਓਵ (35) ਨੂੰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਪਿਛਲੇ ਸਾਲ ਅਪ੍ਰੈਲ ਵਿੱਚ ਡੇਢ ਸਾਲ ਦੀ ਜੇਲ੍ਹ ਦੀ ਸੁਣਾਈ ਗਈ ਸੀ। ਕਿਸੇਲੀਓਵ ਦੀ ਗ੍ਰਿਫ਼ਤਾਰੀ ਇੱਕ ਸ਼ੱਕੀ ਜੌਹਰੀ ਵੱਲੋਂ 90 ਸਾਲਾ ਪੀੜਤਾ ਦੇ ਸਬੰਧ ਵਿੱਚ ਪੁਲਸ ਨਾਲ ਸੰਪਰਕ ਕਰਨ ਤੋਂ ਬਾਅਦ ਹੋਈ ਸੀ। ਉਸ ਨੇ ਦੱਸਿਆ ਸੀ ਕਿ ਪੀੜਤਾ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਖ਼ੁਦ ਨੂੰ ਪੁਲਸ ਅਫ਼ਸਰ ਵਜੋਂ ਦੱਸਦੇ ਹੋਏ ਸੰਪਰਕ ਕੀਤਾ ਸੀ। ਉਸ ਨੇ ਇਕ ਵਿਅਕਤੀ ਨੂੰ ਪੀੜਤਾ ਦੇ ਬੈਂਕ ਕਾਰਡ ਨਾਲ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ। ਸ਼ਿਕਾਇਤਕਰਤਾ ਜੌਹਰੀ ਅਨੁਸਾਰ, ਫੋਨ ਕਰਨ ਵਾਲੇ ਨੇ ਬਜ਼ੁਰਗ ਔਰਤ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੇ ਪੈਸੇ ਬਚਾਉਣਾ ਚਾਹੁੰਦੀ ਹੈ, ਤਾਂ ਉਸਨੂੰ ਸੋਨੇ ਅਤੇ ਗਹਿਣਿਆਂ ਵਿੱਚ ਨਿਵੇਸ਼ ਕਰਨਾ ਪਵੇਗਾ, ਜਿਸ ਨਾਲ ਧੋਖੇਬਾਜ਼ ਉਸਦੇ ਕਾਰਡ ਦੀ ਵਰਤੋਂ ਨਹੀਂ ਕਰ ਸਕਣਗੇ।
ਪੀੜਤਾ ਨੂੰ ਮਹਿੰਗੀਆਂ ਘੜੀਆਂ ਆਦਿ ਵੀ ਖ਼ਰੀਦਣ ਲਈ ਕਿਹਾ ਗਿਆ। ਇਸ ਤੋਂ ਬਾਅਦ ਕਿਸੇਲਿਓਵ ਉਸ ਦੇ ਘਰ ਪਹੁੰਚਿਆ ਅਤੇ ਇਨ੍ਹਾਂ ਚੀਜ਼ਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਣ ਦੇ ਨਾਂ 'ਤੇ ਉਕਤ ਸਾਰੀਆਂ ਚੀਜ਼ਾਂ ਲੈ ਲਈਆਂ। ਸ਼ਿਕਾਇਤਕਰਤਾ ਦੇ ਅਨੁਸਾਰ, ਕਿਸਲੀਓਵ ਅਤੇ ਭੱਟ ਬਜ਼ੁਰਗ ਔਰਤ ਨੂੰ ਧੋਖੇਬਾਜ਼ਾਂ ਨੂੰ ਫੜਨ ਵਿੱਚ ਮਦਦ ਕਰਨ ਦੇ ਬਹਾਨੇ ਲੰਡਨ ਦੀ ਇੱਕ ਦੁਕਾਨ 'ਤੇ ਲੈ ਗਏ ਅਤੇ ਉਸ ਨੂੰ ਸੋਨੇ ਦੇ ਗਹਿਣੇ ਵੀ ਖ਼ਰੀਦਣ ਲਈ ਵੀ ਕਿਹਾ। ਮਾਮਲੇ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਨੇ ਉਸ ਵਾਹਨ ਦੀ ਪਛਾਣ ਕੀਤੀ, ਜਿਸ ਵਿਚ ਕਿਸੇਲਿਓਵ ਅਤੇ ਭੱਟ ਬਜ਼ੁਰਗ ਔਰਤ ਨੂੰ ਗਹਿਣਿਆਂ ਦੀ ਦੁਕਾਨ 'ਤੇ ਲੈ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਭੱਟ ਨੇ ਸਤੰਬਰ 2020 ਤੋਂ ਮਈ 2022 ਦਰਮਿਆਨ 29 ਤੋਂ 90 ਸਾਲ ਦੀ ਉਮਰ ਦੇ 9 ਲੋਕਾਂ ਨਾਲ ਜਾਂ ਤਾਂ ਬੈਂਕ ਕਰਮਚਾਰੀ ਜਾਂ ਪੁਲਸ ਮੁਲਾਜ਼ਮ ਜਾਂ ਮਕਾਨ ਮਾਲਕ ਬਣ ਕੇ ਠੱਗੀ ਮਾਰੀ ਸੀ। ਪੀੜਤਾਂ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਉਹ ਉਨ੍ਹਾਂ ਦੇ ਖਾਤੇ ਵਿੱਚ ਪਈ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲੈਂਦਾ ਸੀ। ਪੁਲਸ ਮੁਤਾਬਕ ਜ਼ਿਆਦਾਤਰ ਪੀੜਤਾਂ ਤੋਂ ਠੱਗੀ ਗਈ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ।