ਭਾਰਤੀ ਮੂਲ ਦੇ ਬਾਰ ਮਾਲਕ ਨੂੰ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 13 ਸਾਲ ਕੈਦ ਤੇ 9 ਕੋੜਿਆਂ ਦੀ ਸਜ਼ਾ

Tuesday, Jul 09, 2024 - 12:46 PM (IST)

ਭਾਰਤੀ ਮੂਲ ਦੇ ਬਾਰ ਮਾਲਕ ਨੂੰ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 13 ਸਾਲ ਕੈਦ ਤੇ 9 ਕੋੜਿਆਂ ਦੀ ਸਜ਼ਾ

ਸਿੰਗਾਪੁਰ (ਭਾਸ਼ਾ) - ਸਿੰਗਾਪੁਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਇਕ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 13 ਸਾਲ ਚਾਰ ਹਫਤਿਆਂ ਦੀ ਕੈਦ ਅਤੇ 9 ਕੋੜਿਆਂ ਦੀ ਸਜ਼ਾ ਸੁਣਾਈ ਹੈ। ਨਿਊਜ਼ ਚੈਨਲ 'ਨਿਊਜ਼ ਏਸ਼ੀਆ' ਦੀ ਖ਼ਬਰ ਮੁਤਾਬਕ ਰਾਜ ਕੁਮਾਰ ਬਾਲਾ (42) ਨੂੰ 'ਚਿਲਡਰਨ ਐਂਡ ਯੰਗ ਪਰਸਨਜ਼ ਐਕਟ' ਤਹਿਤ ਭਗੌੜਿਆਂ ਨੂੰ ਪਨਾਹ ਦੇਣ ਤੋਂ ਇਲਾਵਾ ਪੀੜਤਾ ਨਾਲ ਬਲਾਤਕਾਰ ਅਤੇ ਛੇੜਛਾੜ ਦੇ ਕਈ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਹੈ। ਮੁਲਜ਼ਮ ਬਾਲਾ ਭਾਰਤੀ ਮੂਲ ਦਾ ਨਾਗਰਿਕ ਹੈ, ਜਿਸ ਕੋਲ ਹੁਣ ਸਿੰਗਾਪੁਰ ਦੀ ਨਾਗਰਿਕਤਾ ਹੈ ਅਤੇ ਦੇਸ਼ ਵਿੱਚ ਇੱਕ ਬਾਰ ਚਲਾਉਂਦਾ ਹੈ।

ਖਬਰਾਂ ਮੁਤਾਬਕ ਬਚਾਅ ਪੱਖ ਦੇ ਵਕੀਲ ਰਮੇਸ਼ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਅਪੀਲ ਪੈਂਡਿੰਗ ਹੋਣ ਤੱਕ ਜ਼ਮਾਨਤ 'ਤੇ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤਾ ਫਰਵਰੀ 2020 ਵਿੱਚ ਸਿੰਗਾਪੁਰ ਗਰਲਜ਼ ਹੋਮ ਤੋਂ ਭੱਜ ਗਈ ਸੀ ਅਤੇ ਉਸ ਸਮੇਂ ਉਸ ਦੀ ਉਮਰ 17 ਸਾਲ ਸੀ। ਉਸ ਵਾਂਗ ਹੀ ਭੱਜੀ ਇਕ ਹੋਰ ਲੜਕੀ ਰਾਹੀਂ ਉਸ ਨੂੰ ਡਨਲੌਪ ਸਟਰੀਟ 'ਤੇ ਸਥਿਤ ਬਾਲਾ ਦੇ ਬਾਰ 'ਡਾਨ ਬਾਰ ਐਂਡ ਬਿਸਟਰੋ' 'ਚ ਨੌਕਰੀ ਬਾਰੇ ਪਤਾ ਲੱਗਾ। ਅਦਾਲਤ ਨੂੰ ਦੱਸਿਆ ਗਿਆ ਕਿ ਜਦੋਂ ਪੀੜਤਾ ਇੰਟਰਵਿਊ ਲਈ ਬਾਰ ਪਹੁੰਚੀ ਤਾਂ ਬਾਲਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਗਾਹਕਾਂ ਨੂੰ ਸ਼ਰਾਬ ਪਰੋਸਣ ਵਰਗੀਆਂ ਨੌਕਰੀਆਂ ਕਰਨੀਆਂ ਪੈਣਗੀਆਂ। ਬਾਲਾ ਨੇ ਉਸ ਨੂੰ ਨੌਕਰੀ ਛੱਡ ਕੇ ਭੱਜੀਆਂ ਹੋਰ ਕੁੜੀਆਂ ਨਾਲ ਬਾਰ ਵਿੱਚ ਰਹਿਣ ਦੀ ਪੇਸ਼ਕਸ਼ ਵੀ ਕੀਤੀ। ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤਾ ਨੇ ਬਾਲਾ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਬਾਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਬਾਰ ਭਗੌੜਾ ਲੜਕੀਆਂ ਨੂੰ ਪਨਾਹ ਦਿੰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਛਾਪਾ ਮਾਰਿਆ। ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤਾ ਕੁਝ ਹੋਰ ਲੜਕੀਆਂ ਦੇ ਨਾਲ ਪੁਲਸ ਦੀ ਕਾਰਵਾਈ ਤੋਂ ਬਚਣ ਲਈ ਮੌਕੇ ਤੋਂ ਭੱਜ ਗਈ, ਪਰ ਰਸਤੇ ਵਿੱਚ ਬਾਲਾ ਨੂੰ ਮਿਲ ਗਈ। ਬਾਲਾ ਉਨ੍ਹਾਂ ਨੂੰ ਇਹ ਕਹਿ ਕੇ ਆਪਣੇ ਘਰ ਲੈ ਗਿਆ ਕਿ ਉਹ ਉੱਥੇ ਸੁਰੱਖਿਅਤ ਰਹਿਣਗੀਆਂ । ਅਦਾਲਤ ਨੂੰ ਦੱਸਿਆ ਗਿਆ ਕਿ ਘਰ ਵਿੱਚ ਹੀ ਬਾਲਾ ਨੇ ਪੀੜਤਾ ਨਾਲ ਸ਼ਰਾਬ ਪੀਤੀ ਅਤੇ ਉਸ ਨਾਲ ਬਲਾਤਕਾਰ ਕੀਤਾ।

ਇਹ ਵੀ ਦੋਸ਼ ਹੈ ਕਿ ਬਾਲਾ ਨੇ ਹੋਰ ਲੜਕੀਆਂ ਦਾ ਵੀ ਜਿਨਸੀ ਸ਼ੋਸ਼ਣ ਕੀਤਾ। 'ਦਿ ਸਟਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ ਬਾਲਾ 'ਤੇ 22 ਹੋਰ ਦੋਸ਼ ਹਨ, ਜੋ ਪੰਜ ਹੋਰ ਲੜਕੀਆਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਕੇਸ ਸ਼ਾਮਲ ਹਨ, ਜਿਨ੍ਹਾਂ ਦੀ ਸੁਣਵਾਈ ਪੈਂਡਿੰਗ ਹੈ।


author

Harinder Kaur

Content Editor

Related News